ਅੱਖਾਂ ਚੋਂ ਕਾਜਲ ਚੁਰਾਉਣਾ, ਇਹ ਕਹਾਵਤ ਤਾਂ ਤੁਸੀਂ ਸਭ ਨੇ ਸੁਣੀ ਹੀ ਹੋਵੇਗੀ ਪਰ ਕੀ ਤੁਸੀਂ ਕਦੇ ਨਾੜਾਂ (ਨਸਾਂ) ਵਿਚੋਂ ਖੂਨ ਚੁਰਾਉਣ ਦੇ ਬਾਰੇ ਵਿਚ ਸੁਣਿਆ ਹੈ। ਅਸਲ ਵਿਚ ਇਹੋ ਜਿਹੀ ਇਕ ਸ਼ਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ।
ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਸ਼ਹਿਰ ਵਿਚ ਇਕ ਵਿਅਕਤੀ ਵਲੋਂ ਆਰੋਪ ਲਾਇਆ ਗਿਆ ਹੈ ਕਿ ਉਸ ਦੇ ਇਕ ਜਾਣ-ਪਛਾਣ ਵਾਲੇ ਨੇ ਕਥਿਤ ਰੂਪ ਵਿਚ ਕਿਸੇ ਨਸ਼ੀਲੇ ਪਦਾਰਥ ਨਾਲ ਭਰੀ ਸਿਗਰਟ ਦਿੱਤੀ ਜਿਸ ਦੇ ਪੀਣ ਨਾਲ ਉਹ ਬੇਹੋਸ਼ ਹੋ ਗਿਆ ਅਤੇ ਫਿਰ ਬੇਹੋਸ਼ੀ ਦੀ ਹਾਲਤ ਵਿਚ ਉਸ ਦਾ ਖੂਨ ਕੱਢ ਲਿਆ ਗਿਆ।
ਫੈਜਾਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਸ਼ਨੀਵਾਰ ਸਵੇਰੇ ਇਕ ਸਾਥੀ ਦੇ ਨਾਲ ਗੱਡੀ ਵਿਚ ਸਫਰ ਕਰਦੇ ਦੌਰਾਨ ਉਸ ਨੂੰ ਸਿਗਰਟ ਦਿੱਤੀ ਗਈ ਸੀ। ਉਸ ਨੇ ਦਾਅਵਾ ਕੀਤਾ ਕਿ ਫਿਰ ਉਸ ਨੂੰ ਬਲੱਡ ਟੈਸਟ ਲਈ ਲਿਜਾਇਆ ਗਿਆ ਅਤੇ ਫਿਰ ਉਸ ਦਾ ਖੂਨ ਕੱਢ ਲਿਆ ਗਿਆ।
ਫੈਜਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਪੂਰਾ ਦਿਨ ਉਸ ਨੂੰ ਭਾਲਦੇ ਰਹੇ ਪਰ ਉਸ ਦਾ ਪਤਾ ਨਹੀਂ ਲੱਗ ਸਕਿਆ ਜਦੋਂ ਉਨ੍ਹਾਂ ਨੇ ਉਸ ਦੇ ਮੁਬਾਇਲ ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਿਸੇ ਅਣਜਾਣ ਵਿਅਕਤੀ ਨੇ ਉਠਾਇਆ ਜਿਸ ਵਲੋਂ ਫੈਜਾਨ ਦਾ ਦੋਸਤ ਹੋਣ ਦਾ ਦਾਅਵਾ ਕੀਤਾ ਗਿਆ ਅਤੇ ਉਸ ਨੇ ਦੱਸਿਆ ਕਿ ਉਹ ਰਾਤ ਨੂੰ ਆਇਆ ਅਤੇ ਘਰ ਵਿਚ ਡਿੱਗ ਪਿਆ।
ਐਸ ਐਚ ਓ ਸੰਜੇ ਕੁਮਾਰ ਨੇ ਦੱਸਿਆ ਕਿ ਰਵੀਵਾਰ ਨੂੰ ਪੀੜਤ ਪਰਿਵਾਰ ਦੇ ਵਲੋਂ ਅਪਹਰਣ ਅਤੇ ਗੈਰ-ਕਾਨੂੰਨੀ ਢੰਗ ਨਾਲ ਖੂਨ ਕੱਢਣ ਦੀ ਸ਼ਕਾਇਤ ਦਰਜ ਕਰਾਈ ਗਈ ਹੈ ਅੱਗੇ ਉਨ੍ਹਾਂ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। (ਇਨ ਪੁਟ – ਆਈ ਏ ਐਨ ਐਸ)