ਸਾਡੇ ਸੂਬੇ ਵਿਚ ਆਏ ਦਿਨ ਹੀ ਕਤਲੋਗਾਰਤ, ਲੁੱਟਾਂ ਖੋਹਾਂ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਮੰਗਲਵਾਰ ਸਵੇਰੇ ਸਵੇਰੇ ਫਿਰੋਜ਼ਪੁਰ ਦੇ ਪਿੰਡ ਬਾਰੇ ਕੇ ਵਿਚੋਂ ਦੋ ਧਿਰਾਂ ਵਿਚ ਲੜਾਈ ਦੀ ਇਕ ਮੰਦਭਾਗੀ ਖਬਰ ਆਈ ਹੈ ਜਿੱਥੇ ਦੋ ਸਕਿਅਆਂ ਭਰਾਵਾਂ ਨੂੰ ਦੂਜੀ ਧਿਰ ਦੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।
ਇਥੇ ਸਿਰਫ਼ ਪੌਣੇ ਦੋ ਕਨਾਲ ਜ਼ਮੀਨ ਦੇ ਪੁਰਾਣੇ ਮਕਾਨ ਵਿਚੋਂ ਮਹਿਜ਼ 10 ਮਰਲੇ ਜ਼ਮੀਨ ਦੇ ਝਗੜੇ ਕਾਰਨ ਚੱਲੀਆਂ ਗੋਲੀਆਂ ਵਿਚ ਦੋ ਸਕਿਆਂ ਭਰਾਵਾਂ ਦੀ ਮੌਤ ਹੋ ਗਈ ਹੈ ਜਦਕਿ ਦੋ ਲੋਕ ਜ਼ਖਮੀ ਹੋ ਗਏ ਹਨ ਜਖਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਮ੍ਰਿਤਕਾਂ ਦੀ ਪਹਿਚਾਣ ਬਖ਼ਸ਼ੀਸ਼ ਸਿੰਘ ਆੜਤੀਆ ਅਤੇ ਕਾਬਲ ਸਿੰਘ ਵਜੋਂ ਹੋਈ ਹੈ। ਇਹ ਘਟਨਾ ਸਵੇਰੇ ਪੌਣੇ ਪੰਜ ਵਜੇ ਦੀ ਦੱਸੀ ਜਾ ਰਹੀ ਹੈ। ਘਟਨਾ ਦੀ ਖਬਰ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪੋਸਟਮਾਰਟਮ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚੇ ਪਰਿਵਾਰ ਦੇ ਮੈਂਬਰਾਂ ਵਲੋਂ ਜਿਥੇ ਅਜੇ ਪੁਲਿਸ ਨੂੰ ਬਿਆਨ ਦੇਣ ਤੋਂ ਇਨਕਾਰੀ ਕੀਤੀ ਗਈ ਹੈ ਉਥੇ ਹੀ ਕਿਸੇ ਵਿਸ਼ੇਸ਼ ਕਾਰਨਾਂ ਕਰਕੇ ਮੀਡੀਆ ਨੂੰ ਵੀ ਅਜੇ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਟਾਲਾ ਹੀ ਵੱਟਿਆ ਜਾ ਰਿਹਾ ਹੈ। ਮੌਕੇ ਉਤੇ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਵਲੋਂ ਕਿਹਾ ਗਿਆ ਹੈ ਕਿ ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇਗੀ।