ਲੰਬੀ ਹਲਕੇ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਲੰਬੀ ਥਾਣਾ ਦੇ ਪਿੰਡ ਧੋਲਾ ਵਿਚ ਇਕ ਵਿਅਕਤੀ ਵਲੋਂ ਆਪਣੇ ਛੋਟੇ ਭਰਾ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੀ ਨਿਸ਼ਾਨਦੇਹੀ ਕਰਕੇ ਲਾਸ਼ ਨੂੰ ਖੇਤ ਚੋਂ ਕੱਢ ਲਿਆ ਹੈ।
ਇਸ ਸਬੰਧ ਵਿਚ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ 2-3 ਨਵੰਬਰ ਵਾਲੀ ਰਾਤ ਨੂੰ ਗੁਰਮੀਤ ਸਿੰਘ S/O ਮਹਿੰਦਰ ਸਿੰਘ ਆਪਣੇ ਵੱਡੇ ਭਰਾ ਗੁਰਜੀਤ ਸਿੰਘ ਨਾਲ ਖੇਤ ਵਿਚ ਕਣਕ ਦੀ ਬਿਜਾਈ ਕਰਨ ਗਿਆ ਅਤੇ ਘਰ ਵਾਪਸ ਨਹੀਂ ਮੁੜਿਆ ਤਾਂ ਇਸ ਮਾਮਲੇ ਸਬੰਧੀ ਮ੍ਰਿਤਕ ਗੁਰਮੀਤ ਸਿੰਘ ਦੀ ਪਤਨੀ ਸੁਖਪਾਲ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਤੀ ਦੇ ਗੁਮ ਹੋਣ ਪਿੱਛੇ ਹੋ ਸਕਦਾ ਉਸ ਦੇ ਜੇਠ ਗੁਰਜੀਤ ਸਿੰਘ ਦਾ ਹੱਥ ਹੋਵੇ। ਜਦੋਂ ਪੁਲਿਸ ਵਲੋਂ ਗੁਰਜੀਤ ਸਿੰਘ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਬੂਲਿਆ ਕਿ ਉਸ ਨੇ ਆਪਣੇ ਛੋਟੇ ਭਰਾ ਨੂੰ ਕਹੀ ਨਾਲ ਵੱਢ ਕੇ ਕਤਲ ਕਰ ਦਿੱਤਾ ਹੈ।
ਦੋਸ਼ੀ ਨੇ ਦੱਸਿਆ ਕਿ 2 ਨਵੰਬਰ ਰਾਤ ਵੇਲੇ ਗੁਰਮੀਤ ਸਿੰਘ ਜਦੋਂ ਘਰ ਨੂੰ ਜਾਣ ਲੱਗਿਆ ਤਾਂ ਉਸ ਨੇ ਟਰਕੈਟਰ ਦੀ ਬੈਲਟ ਟੁੱਟਣ ਬਹਾਨੇ ਉਸ ਨੂੰ ਵਾਪਸ ਬੁਲਾ ਲਿਆ ਅਤੇ ਜਦੋਂ ਗੁਰਮੀਤ ਸਿੰਘ ਝੁਕ ਕੇ ਬੈਲਟ ਦੇਖਣ ਲੱਗਿਆ ਤਾਂ ਪਿੱਛੋਂ ਕਹੀ ਮਾਰ ਕੇ ਹੇਠਾਂ ਸੁੱਟ ਲਿਆ ਫਿਰ ਗਰਦਨ ਅਤੇ ਸਿਰ ਵਿਚ ਕਹੀਆਂ ਮਾਰ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਲਾਸ਼ ਨੂੰ ਪੱਲੀ ਵਿਚ ਬੰਨ੍ਹ ਕੇ ਖੇਤ ਵਿਚ ਪਹਿਲਾਂ ਹੀ ਪੱਟੇ ਪਏ ਟੋਏ ਵਿਚ ਦੱਬ ਦਿੱਤਾ। ਦੋਸ਼ੀ ਦੀ ਨਿਸ਼ਾਨਦੇਹੀ ਤੇ ਕਤਲ ਦੇ ਕਬੂਲਨਾਮੇ ਤੋਂ ਬਾਅਦ ਡੀ ਐਸ ਪੀ ਅਤੇ ਨਾਇਬ ਤਹਿਸੀਲਦਾਰ ਦੀ ਮੌਜੂਦਗੀ ਵਿਚ ਲਾਸ਼ ਖੇਤ ਵਿਚੋਂ ਬਾਹਰ ਕੱਢਿਆ ਗਿਆ।
ਨਜਾਇਜ ਸਬੰਧਾਂ ਤੋਂ ਰੋਕਣਾ ਬਣਿਆ ਕਤਲ ਦੀ ਵਜ੍ਹਾ
ਪੁਲਿਸ ਕੋਲ ਦੋਸ਼ੀ ਨੇ ਕਬੂਲਿਆ ਕਿ ਉਸ ਦੇ ਇਕ ਔਰਤ ਨਾਲ ਨਜਾਇਜ ਸਬੰਧ ਹਨ ਜਿਸ ਤੋਂ ਛੋਟਾ ਭਰਾ ਰੋਕਦਾ ਸੀ ਘਰ ਵਿਚ ਹਮੇਸ਼ਾ ਕਲੇਸ਼ ਰਹਿੰਦਾ ਸੀ ਇਸ ਕਰਕੇ ਕ੍ਰੋਧ ਵਿਚ ਆ ਕੇ ਉਸ ਨੇ ਗੁਰਮੀਤ ਸਿੰਘ ਨੂੰ ਜਾਨੋਂ ਮਾਰ ਦਿੱਤਾ। 4 ਕੁ ਸਾਲ ਪਹਿਲਾਂ ਹੀ ਮ੍ਰਿਤਕ ਦਾ ਵਿਆਹ ਹੋਇਆ ਸੀ ਅਤੇ ਉਸ ਦੀ ਇਕ ਬੇਟੀ ਹੈ ਜਿਸ ਦੀ ਉਮਰ ਢਾਈ ਕੁ ਸਾਲ ਹੈ। ਦੋਸ ਨੂੰ ਕੋਰਟ ਵਿਚ ਹਾਜਰ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ।