ਦੁਨੀਆਂ ਤੇ ਬਹੁਤ ਲੋਕ ਅਜਿਹੇ ਹੋਣਗੇ ਜਿਨ੍ਹਾਂ ਦਾ ਬਚਪਨ ਅਤੇ ਖੇਡਣ ਪੜਨ ਦਾ ਸਮਾਂ ਕੁਦਰਤ ਵਲੋਂ ਪਈ ਬੇਵਕਤੀ ਮਾਰ ਨੇ ਖਾ ਲਿਆ। ਜਿਨ੍ਹਾਂ ਨੂੰ ਮਜਬੂਰੀ ਵੱਸ ਆਪਣੇ ਪਰਵਾਰਿਕ ਪਾਲਣ ਪੋਸ਼ਣ ਲਈ ਨਿਕੀ ਉਮਰੇ ਸ਼ਖਤ ਮਿਹਨਤਾਂ ਕਰਦਿਆਂ ਅਨੇਕਾਂ ਦੁਖ ਤਕਲੀਫਾਂ ਵਿਚੋਂ ਗੁਜਰਨਾ ਪਿਆ ਹੈ।
ਪਰ ਹਿੰਮਤਾਂ ਵਾਲੇ ਕਦੇ ਵੀ ਹੌਸਲੇ ਨਹੀਂ ਛੱਡਦੇ। ਹਾਲਾਤਾਂ ਨਾਲ ਲੜਦੇ ਛੋਟੀ ਉਮਰ ਵਿਚ ਹੀ ਸਿਆਣੇ ਅਤੇ ਸਮਝਦਾਰ ਹੋ ਜਾਂਦੇ ਹਨ। ਸਾਡੀਆਂ ਸਰਕਾਰਾਂ ਨੂੰ ਇਹੋ ਜਿਹੇ ਲੋੜਵੰਦਾਂ ਦੀ ਬਾਂਹ ਫੜਨੀ ਚਾਹੀਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਹੋ ਜਿਹੇ ਹਾਲਾਤਾਂ ਵਿਚੋਂ ਗੁਜਰ ਰਹੀ ਨਵਾਂਸ਼ਹਿਰ ਅਧੀਨ ਆਉਂਦੇ ਪਿੰਡ ਬੰਗਾ ਦੀ ਮਿਹਨਤੀ ਬੱਚੀ ਨਵਜੋਤ ਬਾਰੇ।
ਪੁਲਿਸ ਅਫਸਰ ਬਣਨ ਦਾ ਸੁਪਨਾ ਲੈ ਕੇ ਪੜ੍ਹਾਈ ਕਰ ਰਹੀ 12 ਸਾਲ ਦੀ ਮਾਸੂਮ ਬੱਚੀ ਨੂੰ ਕੀ ਪਤਾ ਸੀ ਕੀ ਉਸ ਨੂੰ ਪੜ੍ਹਾਈ ਵਿਚਕਾਰ ਹੀ ਛੱਡ ਕੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਕੂਟਰ ਅਤੇ ਮੋਟਰਸਾਈਕਲ ਦੀ ਸਰਵਿਸ ਕਰਨ ਲਈ ਮਜਬੂਰ ਹੋਣਾ ਪੈਣਾ ਹੈ ਅਤੇ ਹੱਥ ਵਿਚ ਪੈੰਨ ਦੀ ਜਗ੍ਹਾ ਪਲਾਸ ਅਤੇ ਚਾਬੀਆਂ ਫੜਨ ਲਈ ਮਜਬੂਰ ਹੋਣਾ ਪੈਣਾ ਹੈ।
ਇਹ ਮਾਸੂਮ ਬੱਚੀ ਜੋ ਆਪਣੇ ਪਿਤਾ ਦੇ ਮਰਨ ਤੋਂ ਬਾਅਦ ਆਪਣੀ ਵਿਧਵਾ ਮਾਂ ਨਾਲ ਮਿਲ ਕੇ ਆਪਣੇ ਪਿਤਾ ਦੀ ਵਰਕਸ਼ਾਪ ਵਿਚ ਸਕੂਟਰ ਅਤੇ ਮੋਟਰਸਾਈਕਲ ਦੀ ਸਰਵਿਸ ਕਰਕੇ ਘਰ ਦੇ ਪਰਿਵਾਰਕ ਮੈਂਬਰਾਂ ਲਈ ਦੋ ਵਕਤ ਦੀ ਰੋਜੀ ਰੋਟੀ ਕਮਾ ਰਹੀ ਹੈ।
ਜਿਲ੍ਹਾ ਨਵਾਂ ਸ਼ਹਿਰ ਦੇ ਨੇੜੇ ਪਿੰਡ ਬੰਗਾ ਦੀ ਰਹਿਣ ਵਾਲੀ ਮਾਸੂਮ ਨਵਜੋਤ ਨੇ ਗੱਲਬਾਤ ਦੌਰਾਨ ਕਿਹਾ ਕਿ ਪਿਤਾ ਦੀ ਮੌਤ ਤੋਂ ਬਾਅਦ ਉਚੇਰੀ ਸਿੱਖਿਆ ਹਾਸਲ ਕਰਕੇ ਪੁਲੀਸ ਅਫਸਰ ਬਣਨ ਦਾ ਸੁਪਨਾ ਵਿਚਕਾਰ ਹੀ ਰਹਿ ਗਿਆ ਮਾਸੂਮ ਬੱਚੀ ਵਲੋਂ ਭਰੀਆਂ ਅੱਖਾਂ ਨਾਲ ਪੜਾਈ ਨੂੰ ਜਾਰੀ ਰੱਖਣ ਲਈ ਅਤੇ ਆਰਥਿਕ ਮਦਦ ਲਈ ਸਰਕਾਰ ਨੂੰ ਗੁਹਾਰ ਲਾਈ ਗਈ ਹੈ। ਸਾਡੀਆਂ ਸਮਾਜਿਕ ਸੰਸਥਾਵਾਂ ਨੂੰ ਵੀ ਇਸ ਬੱਚੀ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।