ਪੰਜਾਬ ਦੇ ਜਿਲ੍ਹਾ ਜਲੰਧਰ ਵਿਚ 66 ਫੁੱਟੀ ਰੋਡ ਉੱਤੇ ਕਿਊਰੋ ਮਾਲ ਦੇ ਨਜਦੀਕ ਇਲੈਕਟ੍ਰਾਨਿਕ ਆਟੋ ਦੀ ਸਾਹਮਣੇ ਤੋਂ ਆਉਂਦੇ ਦੂਜੇ ਆਟੋ ਦੇ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਦੋਧੀ ਦੇ ਆਟੋ ਵਿੱਚ ਸਵਾਰ 52 ਸਾਲ ਦੇ ਇਕ ਵਿਅਕਤੀ ਦੀ ਸੜਕ ਦੇ ਉੱਤੇ ਡਿੱਗਣ ਸਾਰ ਤੜਫਦੇ ਹੋਏ ਮੌਤ ਹੋ ਗਈ ਜਦੋਂ ਕਿ ਇਲੈਕਟ੍ਰਾਨਿਕ ਆਟੋ ਦਾ ਡਰਾਈਵਰ ਹਾਦਸੇ ਵਾਲੀ ਥਾਂ ਤੋਂ ਫਰਾਰ ਹੋ ਗਿਆ। ਇਸ ਮ੍ਰਿਤਕ ਦੀ ਪਹਿਚਾਣ ਜੈਰਾਮ ਯਾਦਵ ਪੁੱਤਰ ਵਿਪਿਨ ਯਾਦਵ ਵਾਸੀ ਸੈਦਾਂ ਗੇਟ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਟੱਕਰ ਮਾਰਨ ਵਾਲੇ ਆਟੋ ਡਰਾਈਵਰ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜੈਰਾਮ ਯਾਦਵ ਡੈਅਰੀ ਵਿੱਚ ਕੰਮ ਕਰਦਾ ਹੈ ਜੋ ਦੁੱਧ ਸਪਲਾਈ ਕਰਨ ਦੇ ਬਾਅਦ ਵਾਪਸ ਜਾ ਰਿਹਾ ਸੀ। ਜਿਉਂ ਹੀ ਉਨ੍ਹਾਂ ਦਾ ਆਟੋ ਕਿਊਰੋ ਮਾਲ ਦੇ ਨੇੜੇ ਆਇਆ ਤਾਂ ਸਾਹਮਣੀ ਤਰਫੋਂ ਆ ਰਹੇ ਇਲੈਕਟ੍ਰਾਨਿਕ ਆਟੋ ਨੇ ਉਨ੍ਹਾਂ ਦੇ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਜੈਰਾਮ ਯਾਦਵ ਸੜਕ ਤੇ ਆ ਡਿੱਗਿਆ ਉਸ ਦੇ ਸਿਰ ਉੱਤੇ ਸੱਟ ਲੱਗਣ ਕਾਰਨ ਉਹ ਖੂਨ ਨਾਲ ਲੱਥਪਥ ਹੋ ਗਿਆ।
ਹਾਦਸੇ ਬਾਅਦ ਲੋਕ ਵੀਡੀਓ ਬਣਾਉਦੇ ਰਹੇ ਪਰ ਕਿਸੇ ਨੇ ਇਨਸਾਨੀਅਤ ਦੇ ਨਾਤੇ ਉਸ ਨੂੰ ਜਲਦੀ ਹਸਪਤਾਲ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕੁਝ ਸਮੇਂ ਬਾਅਦ ਉਥੇ ਪਹੁੰਚੇ ਇਕ ਕਾਰ ਸਵਾਰ ਵਿਅਕਤੀ ਨੇ ਉਸ ਨੂੰ ਦੇਖਿਆ ਅਜੇ ਨਬਜ ਚੱਲ ਰਹੀ ਸੀ ਉਸ ਵਿਅਕਤੀ ਨੇ ਇਨਸਾਨੀਅਤ ਦੇ ਨਾਤੇ ਉਸ ਨੂੰ ਬਚਾਉਣ ਲਈ ਦਲੇਰੀ ਨਾਲ ਆਪਣੀ ਕਾਰ ਵਿਚ ਚੱਕ ਕੇ ਹਸਪਤਾਲ ਪਹੁੰਚਾਇਆ। ਪਰ ਦੇਰ ਹੋ ਚੁੱਕੀ ਸੀ। ਹਸਪਤਾਲ ਵਿੱਚ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਹਾਦਸੇ ਦੀ ਸੂਚਨਾ ਤੋਂ ਬਾਅਦ ਥਾਣਾ ਸੱਤ ਦੀ ਪੁਲਿਸ ਵਲੋਂ ਮੌਕੇ ਉੱਤੇ ਪਹੁੰਚ ਕੇ ਟੱਕਰ ਮਾਰਨ ਵਾਲੇ ਇਲੈਕਟ੍ਰਾਨਿਕ ਆਟੋ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਗਿਆ। ਥਾਣਾ ਸੱਤ ਦੇ ਇੰਚਾਰਜ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਆਰੋਪੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ