ਪੰਜਾਬ ਵਿਚ ਆਏ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਬੇਖੌਫ ਲੁਟੇਰੇ ਸਰੇਆਮ ਦਿਨ ਦਿਹਾੜੇ ਲੁੱਟਮਾਰ ਕਰ ਰਹੇ ਹਨ। ਹੁਣ ਇਕ ਨਵਾਂ ਮਾਮਲਾ ਬਟਾਲਾ ਤੋਂ ਆਇਆ ਹੈ। ਅੱਜ ਇਥੇ ਦੁਪਹਿਰ ਦੇ ਸਮੇਂ ਬਟਾਲੇ ਦੇ ਨਜਦੀਕ ਹਥਿਆਰਬੰਦ ਲੁਟੇਰਿਆਂ ਵਲੋਂ ਪੰਜਾਬ ਐਂਡ ਸਿੰਧ ਬੈਂਕ ਵਿਚੋਂ ਸਾਢੇ 3 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ। ਇਸ ਲੁੱਟ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਬਹਾਦੁਰ ਹੁਸੈਨ ਦੇ ਬ੍ਰਾਂਚ ਮੈਨੇਜਰ ਵਿਕਾਸ ਰਾਜ ਨੇ ਦੱਸਿਆ ਹੈ ਕਿ ਡੇਢ ਵਜੇ ਦੇ ਕਰੀਬ ਆਈ 20 ਕਾਰ ਤੇ ਸਵਾਰ ਹੋਕੇ ਚਾਰ ਨੌਜਵਾਨ ਹਥਿਆਰਾਂ ਸਹਿਤ ਬੈਂਕ ਵਿੱਚ ਦਾਖਲ ਹੋ ਗਏ।
ਉਨ੍ਹਾਂ ਨੇ ਸਕਿਓਰਿਟੀ ਗਾਰਡ ਨੂੰ ਬੰਦੀ ਬਣਾ ਲਿਆ ਅਤੇ ਉਸ ਦੀ ਰਾਇਫਲ 12 ਰੌਂਦਾਂ ਸਣੇ ਖੌਹ ਲਈ। ਇਸ ਤੋਂ ਬਾਅਦ ਲੁਟੇਰਿਆਂ ਨੇ ਬੈਂਕ ਵਿੱਚ ਕੰਮ ਕਰਨ ਵਾਲੇ ਸਟਾਫ ਨੂੰ ਖਡ਼ਾ ਕੇ ਉਨ੍ਹਾਂ ਦੇ ਹੱਥਾਂ ਨੂੰ ਉੱਪਰ ਕਰਵਾ ਲਿਆ। ਬੈਂਕ ਮੈਨੇਜਰ ਨੇ ਦੱਸਿਆ ਕਿ ਇਸ ਤੋਂ ਬਾਅਦ ਚਾਰਾਂ ਨੌਜਵਾਨਾਂ ਨੇ ਆਪਣੇ ਰਿਵਾਲਵਰਾਂ ਦੀ ਨੋਕ ਤੇ ਤਕਰੀਬਨ ਸਾਢੇ ਤਿੰਨ ਲੱਖ ਰੁਪਏ ਦੀ ਲੁੱਟ ਕਰ ਲਈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਆਪਣੀ ਗੱਡੀ ਵਿੱਚ ਸਵਾਰ ਹੋਕੇ ਸੇਖਵਾਂ ਦੀ ਤਰਫ ਨੂੰ ਫਰਾਰ ਹੋ ਗਏ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਐਸ. ਐਸ ਪੀ. ਪੀ. (SSP) ਬਟਾਲਾ ਮੁਖਵਿੰਦਰ ਸਿੰਘ ਭੁੱਲਰ ਸਹਿਤ ਐਸ. ਐਚ. ਓ. (SHO) ਸੇਖਵਾਂ ਕਿਰਣਦੀਪ ਸਿੰਘ ਥਾਣਾ ਰੰਗੜ ਨੰਗਲ ਦੇ ਐਸ. ਐਚ. ਓ. (SHO) ਤੇਜਿੰਦਰ ਸਿੰਘ ਮੌਕੇ ਉੱਤੇ ਪਹੁੰਚ ਗਏ ਅਤੇ ਹਾਲਾਤ ਦਾ ਜਾਇਜਾ ਲਿਆ। ਵੱਖੋ ਵੱਖਰੀਆਂ ਪੁਲਿਸ ਦੀਆਂ ਟੀਮਾਂ ਹਥਿਆਰਬੰਦ ਲੁਟੇਰਿਆਂ ਦੀ ਭਾਲ ਵਿੱਚ ਭੇਜ ਦਿੱਤੀਆਂ ਗਈਆਂ ਹਨ। ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਹ ਲੁੱਟ ਦੀ ਸਾਰੀ ਵਾਰਦਾਤ ਸੀ. ਸੀ. ਟੀ. ਵੀ. (CCTV) ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ