ਪੰਜਾਬ ਵਿਚ ਕਸਬਾ ਵਲਟੋਹਾ ਤੋਂ ਗੈਸ ਸਿਲੰਡਰ ਦੇ ਫੱਟਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੁਰਘਟਨਾ ਦੇ ਵਿਚ ਭਾਰੀ ਮਾਲੀ ਨੁਕਸਾਨ ਹੋਇਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਲਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਦੱਸਿਆ ਹੈ ਕਿ ਉਸਦਾ ਪੁੱਤਰ ਅਤੇ ਉਹ ਘਰ ਵਿੱਚ ਇਕੱਲੇ ਸੁੱਤੇ ਪਏ ਸਨ। ਅਚਾਨਕ ਦੂਜੇ ਕਮਰੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਜਦੋਂ ਉਨ੍ਹਾਂ ਨੇ ਬਾਹਰ ਆਕੇ ਦੇਖਿਆ ਤਾਂ ਕੁੱਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦੀ ਰਸੋਈ ਵਿੱਚੋਂ ਸਿਲੰਡਰ ਕੱਢ ਕੇ ਨਾਲ ਦੇ ਕਮਰੇ ਵਿੱਚ ਅੱਗ ਲਗਾ ਦਿੱਤੀ।
ਅੱਗੇ ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਦੇ ਨਾਲ ਉਨ੍ਹਾਂ ਦੇ ਕਮਰੇ ਵਿੱਚ ਖੜ੍ਹਾ ਹੈ ਮੋਟਰਸਾਇਕਿਲ ਫਰਿੱਜ ਅਤੇ ਹੋਰ ਕੀਮਤੀ ਸਮਾਨ ਮੱਚ ਕੇ ਰਾਖ ਹੋ ਗਿਆ। ਉਨ੍ਹਾਂ ਨੇ ਬਹੁਤ ਹੀ ਦੁਖੀ ਮਨ ਦੇ ਨਾਲ ਦੱਸਿਆ ਕਿ ਪਿੰਡ ਦੇ ਰਹਿਣ ਵਾਲੇ ਕੁੱਝ ਵਿਅਕਤੀਆਂ ਦੇ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਲੜਾਈ ਚੱਲ ਰਹੀ ਸੀ। ਇਸ ਸੰਬੰਧ ਵਿੱਚ ਉਨ੍ਹਾਂ ਨੇ ਪਹਿਲਾਂ ਵੀ ਕਈ ਵਾਰੀ ਦਰਖਾਸਤਾਂ ਦਿੱਤੀਆਂ ਹਨ। ਪਰ ਕੋਈ ਇੰਨਸਾਫ ਨਹੀਂ ਮਿਲ ਰਿਹਾ। ਪਿੰਡ ਦੇ ਮੋਹਤਬਰ ਵਿਅਕਤੀ ਵੀ ਫੈਸਲਾ ਕਰਵਾ ਰਹੇ ਸਨ ਪਰ ਉਹ ਵਿਅਕਤੀ ਆਪਣੇ ਪੈਸੇ ਅਤੇ ਰਾਜਨੀਤਕ ਪਹੁੰਚ ਦਾ ਰੋਹਬ ਦਿਖਾ ਕੇ ਪਿਛਲੇ ਕਈ ਦਿਨਾਂ ਤੋਂ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦੇ ਰਹੇ ਹਨ।
ਅੱਗੇ ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਵੀ ਉਨ੍ਹਾਂ ਵਲੋਂ ਥਾਣਾ ਵਲਟੋਹਾ ਵਿੱਚ ਦਰਖਾਸਤ ਦਿੱਤੀ ਗਈ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਆਦਮੀਆਂ ਵਲੋਂ ਜਾਨੋਂ ਮਾਰਨ ਦੀ ਯੋਜਨਾ ਬਣਾ ਕੇ ਉਸ ਦੇ ਘਰ ਨੂੰ ਅੱਗ ਲਾਈ ਗਈ ਹੈ। ਥਾਣਾ ਵਲਟੋਹਾ ਦੀ ਪੁਲਿਸ ਵਲੋਂ ਸੂਚਨਾ ਮਿਲਦਿਆਂ ਸਾਰ ਹੀ ਮੌਕੇ ਉੱਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜਾ ਲਿਆ ਗਿਆ । ਥਾਣਾ ਵਲਟੋਹਾ ਦੇ ਇੰਨਚਾਰਜ ਪ੍ਰਭਜੀਤ ਸਿੰਘ ਨੇ ਕਿਹਾ ਹੈ ਕਿ ਜਾਂਚ ਪੜਤਾਲ ਚੱਲ ਰਹੀ ਹੈ। ਇਸ ਮਾਮਲੇ ਵਿਚ ਜੋ ਵੀ ਸਚਾਈ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ।