ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ, ਦੀਨਾਨਗਰ ਕਸਬੇ ਦੇ ਨਾਲ ਲੱਗਦੇ ਇੱਕ ਪਿੰਡ ਵਿੱਚ ਰਹਿਣ ਵਾਲੀ ਕੁੜੀ ਵਲੋਂ ਆਤਮਹੱਤਿਆ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਕੁੜੀ ਦੇ ਤਾਏ ਦਾ ਮੁੰਡਾ ਉਸ ਨੂੰ ਸਰੀਰਕ ਸੰਬੰਧ ਬਣਾਉਣ ਦੇ ਲਈ ਮਜਬੂਰ ਕਰਦਾ ਸੀ। ਜਿਸਦੇ ਚਲਦਿਆਂ ਉਹ ਕਾਫ਼ੀ ਪ੍ਰੇਸ਼ਾਨ ਰਹਿੰਦੀ ਸੀ। ਪੁਲਿਸ ਨੇ ਦੋਸ਼ੀ ਨੌਜਵਾਨ ਦੇ ਖਿਲਾਫ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਅਜੇ ਫਰਾਰ ਹੈ।
ਇਸ ਮਾਮਲੇ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇੱਕ ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋਈ ਨੂੰ ਤਕਰੀਬਨ 11 ਸਾਲ ਹੋ ਗਏ ਹਨ। ਉਹ ਆਪਣੇ ਇੱਕ ਮੁੰਡੇ ਅਤੇ ਤਿੰਨ ਲਡ਼ਕੀਆਂ ਦੇ ਨਾਲ ਘਰ ਵਿੱਚ ਰਹਿੰਦੀ ਹੈ। ਉਸ ਦੀ ਵੱਡੀ ਕੁੜੀ ਪਲਸ ਟੂ ਕਰਨ ਤੋਂ ਬਾਅਦ ਘਰ ਵਿੱਚ ਹੀ ਸਿਲਾਈ ਦਾ ਕੰਮ ਕਰਦੀ ਸੀ । ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਉਸਦੇ ਜੇਠ ਦਾ ਮੁੰਡਾ ਉਸਦੀ ਧੀ ਉਪਰ ਗਲਤ ਨਜ਼ਰ ਰੱਖਦਾ ਸੀ ਅਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਮਹਿਲਾ ਨੇ ਦੱਸਿਆ ਹੈ ਕਿ ਉਸਦੇ ਜੇਠ ਦੇ ਮੁੰਡੇ ਨੇ ਉਸ ਦੀ ਕੁੜੀ ਦੇ ਨਾਲ ਉਸਦੀ ਇੱਛਾ ਦੇ ਖਿਲਾਫ ਸਰੀਰਕ ਸੰਬੰਧ ਵੀ ਬਣਾਏ ਸਨ ਅਤੇ ਹੁਣ ਉਸ ਨੂੰ ਵਾਰ – ਵਾਰ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕਰਦਾ ਸੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪਿੰਡ ਵਿੱਚ ਬਦਨਾਮ ਕਰਨ ਦੀਆਂ ਧਮਕੀਆਂ ਦਿੰਦਾ ਸੀ।
ਉਸ ਦੀ ਕੁੜੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਹ ਆਪਣੇ ਜੇਠ ਦੇ ਘਰ ਸ਼ਿਕਾਇਤ ਲੈ ਕੇ ਵੀ ਗਈ ਸੀ। ਇਸਦੇ ਬਾਵਜੂਦ ਵੀ ਜੇਠ ਦਾ ਮੁੰਡਾ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਇਆ। ਇਸ ਤੋਂ ਪ੍ਰੇਸ਼ਾਨ ਹੋਕੇ ਸ਼ਨੀਵਾਰ ਸ਼ਾਮ ਨੂੰ ਉਸਦੀ ਧੀ ਨੇ ਕੋਈ ਜਹਰੀਲਾ ਪਦਾਰਥ ਨਿਗਲ ਕੇ ਆਤਮਹੱਤਿਆ ਕਰ ਲਈ। ਉਸ ਨੂੰ ਇਲਾਜ ਲਈ ਪਠਾਨਕੋਟ ਲਿਜਾਇਆ ਗਿਆ ਪਰ ਉਸ ਨੇ ਦਮ ਤੋਡ਼ ਦਿੱਤਾ। ਇਸ ਮਾਮਲੇ ਉਤੇ ਦੀਨਾਨਗਰ ਥਾਣੇ ਦੇ ਐਸਐਚਓ SHO ਮਨਦੀਪ ਸਲਗੋਤਰਾ ਨੇ ਦੱਸਿਆ ਕਿ ਪੁਲਿਸ ਨੇ ਇਸ ਦੋਸ਼ੀ ਦੇ ਖਿਲਾਫ ਮਾਮਲਾ ਨੂੰ ਦਰਜ ਕਰ ਲਿਆ ਹੈ। ਪ੍ਰੰਤੂ ਦੋਸ਼ੀ ਅਜੇ ਤੱਕ ਪੁਲਿਸ ਦੀ ਪਕੜ ਤੋਂ ਫਰਾਰ ਹੈ।