ਇਹ ਖ਼ਬਰ ਪੰਜਾਬ ਦੇ ਜਿਲ੍ਹਾ ਜਲੰਧਰ ਨੇੜੇ ਫਗਵਾੜਾ ਸ਼ਹਿਰ ਤੋਂ ਹੈ। ਫਗਵਾੜਾ ਸ਼ਹਿਰ ਦੇ ਓਂਕਾਰ ਨਗਰ ਦੇ ਵਿੱਚ ਰਹਿਣ ਵਾਲੇ ਛੇਵੀਂ ਜਮਾਤ ਦੇ ਤਿੰਨ ਵਿਦਿਆਰਥੀ ਬੀਤੇ ਬੁੱਧਵਾਰ ਦੀ ਸਵੇਰੇ ਸਕੂਲ ਪੜ੍ਹਨ ਦੇ ਲਈ ਗਏ ਸਨ ਪਰ ਉਹ ਸ਼ਨੀਵਾਰ ਤੱਕ ਵਾਪਸ ਘਰ ਨਹੀਂ ਪਰਤੇ। ਉਨ੍ਹਾਂ ਦੇ ਪਰਿਵਾਰਕ ਮੈਂਬਰ ਕਾਫ਼ੀ ਪ੍ਰੇਸ਼ਾਨ ਸਨ ਅਤੇ ਮਹੱਲੇ ਵਿੱਚ ਕਾਫ਼ੀ ਦਹਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਇਸ ਸਬੰਧੀ ਪੰਜਾਬ ਪੁਲਿਸ ਅਤੇ ਸਕੂਲ ਪ੍ਰਬੰਧਕਾਂ ਵਲੋਂ ਆਪਣੇ ਪੱਧਰ ਉੱਤੇ ਕਾਰਵਾਈ ਕੀਤੀ ਜਾ ਰਹੀ ਸੀ। ਉਥੇ ਹੀ ਐਤਵਾਰ ਨੂੰ ਫਗਵਾੜਾ ਪੁਲਿਸ ਵਲੋਂ ਇਨ੍ਹਾਂ ਬੱਚਿਆਂ ਨੂੰ ਚੰਡੀਗੜ ਤੋਂ ਬਰਾਮਦ ਕਰ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ ।
ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਐਸਪੀ ਐਚਪੀਐਸ ਪਰਮਾਰ ਨੇ ਦੱਸਿਆ ਕਿ ਐਸਐਸਪੀ SSP ਦੇ ਦਿਸ਼ਾ ਨਿਰਦੇਸ਼ਾਂ ਉੱਤੇ ਬੱਚਿਆਂ ਦੀ ਤਲਾਸ਼ ਲਈ ਪੰਜਾਬ ਅਤੇ ਹੋਰ ਪ੍ਰਦੇਸ਼ਾਂ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਬੱਚਿਆਂ ਨੂੰ ਤਲਾਸ਼ ਕਰਨ ਦੇ ਲਈ ਵੱਖਰੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ। ਸੀਸੀਟੀਵੀ CCTV ਕੈਮਰਿਆਂ ਦੀ ਮਦਦ ਅਤੇ ਪੁਲਿਸ ਦੇ ਤਾਲਮੇਲ ਨਾਲ ਉਹ ਇਨ੍ਹਾਂ ਗੁਮ ਹੋਏ ਬੱਚਿਆਂ ਤੱਕ ਪਹੁੰਚੇ । ਉਨ੍ਹਾਂ ਨੇ ਦੱਸਿਆ ਹੈ ਕਿ ਬੱਚੇ ਟ੍ਰੇਨ ਦੇ ਜਰੀਏ ਜਲੰਧਰ ਤੋਂ ਅੰਬਾਲਾ ਪਹੁੰਚ ਗਏ ਜਿੱਥੇ ਕੋਈ ਅਣਪਛਾਤਾ ਵਿਅਕਤੀ ਬੱਚਿਆਂ ਨੂੰ ਕੰਮ ਦਾ ਲਾਲਚ ਦੇਕੇ ਉਨ੍ਹਾਂ ਨੂੰ ਚੰਡੀਗੜ ਲੈ ਆਇਆ। ਐਸਪੀ SP ਪਰਮਾਰ ਨੇ ਦੱਸਿਆ ਕਿ ਬਾਅਦ ਵਿੱਚ ਉਕਤ ਵਿਅਕਤੀ ਬੱਚਿਆਂ ਨੂੰ ਚੰਡੀਗੜ ਰੇਲਵੇ ਸਟੇਸ਼ਨ ਤੇ ਛੱਡ ਗਿਆ।
ਇਸ ਮਾਮਲੇ ਉੱਤੇ ਚੰਡੀਗੜ ਪੁਲਿਸ ਨੇ ਬੱਚਿਆਂ ਦੀ ਸੂਚਨਾ ਫਗਵਾੜਾ ਦੀ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਇੰਡਸਟਰੀ ਏਰੀਆ ਪੁਲਿਸ ਦੇ ਇੰਨਚਾਰਜ ਗੁਰਮੀਤ ਸਿੰਘ ਨੇ ਪੁਲਿਸ ਕਰਮੀਆਂ ਸਮੇਤ ਚੰਡੀਗੜ੍ਹ ਪਹੁੰਚ ਕੇ ਬੱਚਿਆਂ ਨੂੰ ਬਰਾਮਦ ਕੀਤਾ। ਐਤਵਾਰ ਨੂੰ ਫਗਵਾੜਾ ਪੁਲਿਸ ਨੇ ਥਾਣਾ ਸਿਟੀ ਵਿੱਚ ਐਸਪੀ ਐਚਪੀਐਸ ਪਰਮਾਰ, ਥਾਣਾ ਸਿਟੀ ਦੇ ਐਸਐਚਓ SHO ਜੋਗਿਦਰ ਸਿੰਘ ਅਤੇ ਇੰਡਸਟਰੀ ਏਰੀਏ ਦੇ ਇੰਨਚਾਰਜ ਗੁਰਮੀਤ ਸਿੰਘ ਦੀ ਅਗੁਵਾਈ ਵਿੱਚ ਬੱਚਿਆਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ । ਆਪਣੇ ਗੁਮ ਹੋਏ ਬੱਚਿਆਂ ਦੇ ਮਿਲ ਜਾਣ ਕਾਰਨ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਪਰਿਵਾਰਕ ਮੈਂਬਰਾਂ ਵਲੋਂ ਬੱਚਿਆਂ ਨੂੰ ਲੱਭਣ ਦੇ ਲਈ ਫਗਵਾੜਾ ਪੁਲਿਸ ਦਾ ਧੰਨਵਾਦ ਕੀਤਾ ਗਿਆ।