ਪੰਜਾਬ ਦੇ ਬਟਾਲਾ ਵਿਖੇ ਬੀਤੇ ਦਿਨੀਂ ਪਿੰਡ ਮੂਲਿਆਂਵਾਲ ਤੋਂ ਪਿੰਡ ਕਲੇਰ ਕਲਾਂ ਨੂੰ ਜਾਂਦੀ ਸੜਕ ਉੱਤੇ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਜਿਸਦਾ ਅਣਪਛਾਤੇ ਵਿਅਕਤੀ ਦੇ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬਟਾਲਾ ਪੁਲਿਸ ਨੇ ਇਸ ਹੱਤਿਆ ਕੇਸ ਦੀ ਗੁੱਥੀ ਨੂੰ 36 ਘੰਟਿਆਂ ਵਿੱਚ ਸੁਲਝਾਉਂਦੇ ਹੋਏ ਗੁਰਦਿਆਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀ. ਐਸ. ਪੀ. ਸਿਟੀ ਦੇਵ ਸਿੰਘ ਨੇ ਦੱਸਿਆ ਕਿ 29 ਮਾਰਚ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੂਲਿਆਂਵਾਲ ਤੋਂ ਪਿੰਡ ਕਲੇਰ ਕਲਾਂ ਨੂੰ ਜਾਂਦੀ ਸੜਕ ਤੇ ਇੱਕ ਨੌਜਵਾਨ ਦੀ ਲਾਸ਼ ਪਈ ਹੈ। ਪੁਲਿਸ ਦੇ ਵੱਲੋਂ ਜਦੋਂ ਮੌਕੇ ਉੱਤੇ ਜਾਕੇ ਦੇਖਿਆ ਗਿਆ ਤਾਂ ਨੌਜਵਾਨ ਦੇ ਖੱਬੇ ਕੰਨ ਦੇ ਪਿੱਛਲੇ ਪਾਸੇ ਗੋਲੀ ਲੱਗਣ ਦਾ ਨਿਸ਼ਾਨ ਸੀ। ਇਸ ਦੌਰਾਨ ਥਾਣਾ ਸੇਖਵਾਂ ਦੀ ਪੁਲਿਸ ਵਲੋਂ ਪਿੰਡ ਮੂਲਿਆਂਵਾਲ ਦੇ ਸਰਪੰਚ ਮਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਅਣਪਛਾਤੇ ਵਿਅਕਤੀ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੁਆਰਾ ਪਤਾ ਲੱਗਣ ਉੱਤੇ ਮ੍ਰਿਤਕ ਦੇ ਵਾਰਸਾਂ ਨੇ ਲਾਸ਼ ਦੀ ਸ਼ਨਾਖਤ ਕੀਤੀ। ਉਸਦੀ ਪਹਿਚਾਣ ਗਗਨਦੀਪ ਸਿੰਘ ਉਮਰ 19 ਸਾਲ ਪੁੱਤਰ ਜਸਬੀਰ ਸਿੰਘ ਵਾਸੀ ਖੋਹਿਆ ਕਰਣ ਸਿੰਘ ਵਾਲਾ ਥਾਣਾ ਅਜਨਾਲੇ ਦੇ ਤੌਰ ਉੱਤੇ ਹੋਈ। ਡੀ. ਐੱਸ. ਪੀ. ਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਐਸ. ਐਸ. ਪੀ. ਗੌਰਵ ਤੂਰਾ ਅਤੇ ਐਸ. ਪੀ. ਡੀ. ਤੇਜਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਉਨ੍ਹਾਂ ਵਲੋਂ ਥਾਣਾ ਸੇਖਵਾਂ ਦੇ ਐਸ. ਐਚ. ਓ. ਕਿਰਣਦੀਪ ਸਿੰਘ ਪੁਲਿਸ ਚੌਕੀ ਨੌਸ਼ਹਰਾ ਮੱਝਾ ਸਿੰਘ ਦੇ ਇੰਨਚਾਰਜ ਏ. ਐਸ. ਆਈ. ਬਲਦੇਵ ਸਿੰਘ ਅਤੇ ਹੋਰ ਪੁਲਿਸ ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ ਗਈ।
ਅੱਗੇ ਉਨ੍ਹਾਂ ਦੱਸਿਆ ਕਿ ਖੁਫਿਆ ਸੂਤਰਾਂ ਦੁਆਰਾ ਜਾਣਕਾਰੀ ਹਾਸਲ ਕਰਕੇ ਸ਼ੱਕੀ ਵਿਅਕਤੀਆਂ ਦੇ ਮੋਬਾਇਲਾਂ ਦੀ ਸੀ. ਡੀ. ਆਰ. ਅਤੇ ਟਾਵਰ ਲੋਕੇਸ਼ਨ ਹਾਸਲ ਕੀਤੀ ਗਈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ 28 ਮਾਰਚ ਨੂੰ ਮ੍ਰਿਤਕ ਗਗਨਦੀਪ ਸਿੰਘ ਉਸਦਾ ਪਿਤਾ ਜਸਬੀਰ ਸਿੰਘ ਅਤੇ ਰਿਸ਼ਤੇਦਾਰੀ ਵਿੱਚੋਂ ਮਾਮਾ ਲੱਗਦਾ ਗੁਰਦਿਆਲ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਜੱਟਾ ਪੱਛੀਆ ਥਾਣਾ ਰਮਦਾਸ ਪਠਾਨਕੋਟ ਸਾਇਡ ਤੋਂ ਕਿਸੇ ਵਿਅਕਤੀ ਦੇ ਕੋਲੋਂ ਕਾਰ ਖ੍ਰੀਦਣ ਦੇ ਲਈ ਗਏ ਸਨ। ਕਾਰ ਮਾਲਿਕ ਨੇ ਕਾਰ ਵੇਚਣ ਤੋਂ ਇਨਕਾਰ ਕਰ ਦਿੱਤਾ। ਵਾਪਸੀ ਦੇ ਦੌਰਾਨ ਰਸਤੇ ਵਿੱਚ ਗਗਨਦੀਪ ਸਿੰਘ ਅਤੇ ਉਸਦੇ ਪਿਤਾ ਜਸਬੀਰ ਦੀ ਕਾਰ ਚਲਾਉਣ ਨੂੰ ਲੈ ਕੇ ਬਹਿਸ ਹੋ ਗਈ।
ਇਸ ਤੋਂ ਬਾਅਦ ਜਸਬੀਰ ਸਿੰਘ ਨੇ ਗ਼ੁੱਸੇ ਵਿੱਚ ਆਕੇ ਰਸਤੇ ਵਿੱਚ ਕਾਰ ਰੋਕ ਲਈ ਅਤੇ ਕਾਰ ਤੋਂ ਬਾਹਰ ਆ ਗਿਆ। ਇਸ ਦੌਰਾਨ ਗਗਨਦੀਪ ਸਿੰਘ ਅਤੇ ਗੁਰਦਿਆਲ ਸਿੰਘ ਵੀ ਕਾਰ ਤੋਂ ਬਾਹਰ ਆ ਗਏ। ਗ਼ੁੱਸੇ ਵਿੱਚ ਆਕੇ ਜਸਬੀਰ ਸਿੰਘ ਨੇ ਗਗਨਦੀਪ ਸਿੰਘ ਨੂੰ ਰਿਵਾਲਵਰ ਦੇ ਨਾਲ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਸਬੀਰ ਸਿੰਘ ਅਤੇ ਗੁਰਦਿਆਲ ਸਿੰਘ ਕਾਰ ਵਿੱਚ ਬੈਠ ਕੇ ਲਾਸ਼ ਨੂੰ ਮੌਕੇ ਉੱਤੇ ਛੱਡ ਕੇ ਫਰਾਰ ਹੋ ਗਏ। ਡੀ. ਐੱਸ. ਪੀ. ਨੇ ਦੱਸਿਆ ਕਿ ਜਸਬੀਰ ਸਿੰਘ ਨੇ 30 ਮਾਰਚ ਨੂੰ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਜਦੋਂ ਕਿ ਗੁਰਦਿਆਲ ਸਿੰਘ ਨੇ ਜਸਬੀਰ ਸਿੰਘ ਨੂੰ ਬਚਾਉਣ ਦੀ ਖਾਤਰ ਜਾਣਬੁਝ ਕੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ। ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਗੁਰਦਿਆਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।