ਇਹ ਮੰਦਭਾਗੀ ਖ਼ਬਰ ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਤਰਨਤਾਰਨ ਤੋਂ ਸਾਹਮਣੇ ਆਈ ਹੈ। ਇਥੇ ਸ਼ਹਿਰ ਵਿੱਚ ਪੈਂਦੇ ਪਾਰਕ ਇਵੇਨਿਊ ਵਿੱਚ ਫੌਜੀ ਦੀ ਪਤਨੀ ਦੀ ਹੱਤਿਆ ਕਰ ਦਿੱਤੀ ਗਈ। ਅਸਾਮ ਵਿੱਚ ਤੈਨਾਤ ਫੌਜੀ ਜਸਬੀਰ ਸਿੰਘ ਸ਼ੁੱਕਰਵਾਰ ਦੀ ਰਾਤ ਕਰੀਬ ਸਾਢੇ 9 ਵਜੇ ਛੁੱਟੀ ਉੱਤੇ ਘਰ ਪਹੁੰਚਿਆ ਤਾਂ ਡਰਾਇੰਗ ਰੂਮ ਵਿੱਚ ਪਤਨੀ ਸਰਬਜੀਤ ਕੌਰ ਦੀ ਲਹੂ ਨਾਲ ਲਿਬੜੀ ਲਾਸ਼ ਪਈ ਸੀ। ਇਹ ਹੱਤਿਆ ਕਿਸ ਨੇ ਕੀਤੀ ਅਤੇ ਇਸ ਹੱਤਿਆ ਦੀ ਵਜ੍ਹਾ ਕੀ ਹੈ ਅਜੇ ਤੱਕ ਕੁੱਝ ਵੀ ਸਾਹਮਣੇ ਨਹੀਂ ਆਇਆ ਹੈ।
ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਪਿੰਡ ਮਾਨੋਚਾਹਲ ਵਾਸੀ ਬੂਟਾ ਸਿੰਘ ਨੇ ਦੱਸਿਆ ਹੈ ਕਿ ਉਸਦੀ ਭੈਣ ਸਰਬਜੀਤ ਕੌਰ ਦਾ ਵਿਆਹ ਜਸਬੀਰ ਸਿੰਘ ਦੇ ਨਾਲ ਕਰੀਬ 13 ਸਾਲ ਪਹਿਲਾਂ ਹੋਇਆ ਸੀ। ਜਸਬੀਰ ਸਿੰਘ ਫੌਜ ਵਿੱਚ ਤੈਨਾਤ ਹੈ। ਤਰਨਤਾਰਨ ਵਿੱਚ ਪਾਰਕ ਇਵੇਨਿਊ ਵਿੱਚ ਜਸਬੀਰ ਸਿੰਘ ਨੇ ਕੋਠੀ ਬਣਾਈ ਹੈ। ਇਸ ਥਾਂ ਉੱਤੇ ਸਰਬਜੀਤ ਕੌਰ ਆਪਣੇ 11 ਸਾਲ ਦੇ ਬੇਟੇ ਦੇ ਨਾਲ ਰਹਿੰਦੀ ਸੀ। ਸਰਬਜੀਤ ਕੌਰ ਅਕਸਰ ਪੇਕੇ ਘਰ ਵਿੱਚ ਵੀ ਕਈ ਕਈ ਦਿਨ ਰਹਿਣ ਲੱਗੀ ਸੀ। ਇਸ ਦੌਰਾਨ ਪਾਰਕ ਇਵੇਨਿਊ ਵਾਲੀ ਕੋਠੀ ਦੀ ਦੇਖਭਾਲ ਲਈ ਉਨ੍ਹਾਂ ਦਾ (ਸਰਬਜੀਤ ਦਾ) ਵੱਡਾ ਭਰਾ ਬੂਟਾ ਸਿੰਘ ਆ ਜਾਂਦਾ ਸੀ। ਸ਼ੁੱਕਰਵਾਰ ਰਾਤ ਨੂੰ ਜਸਬੀਰ ਸਿੰਘ ਛੁੱਟੀ ਲੈ ਕੇ ਘਰ ਪਹੁੰਚਿਆ । ਉਹ ਬੈਗ ਲੈ ਕੇ ਅਜੇ ਡਰਾਇੰਗ ਰੂਮ ਵਿੱਚ ਦਾਖਲ ਹੋਇਆ ਹੀ ਸੀ ਕਿ ਪਤਨੀ ਦੀ ਲਾਸ਼ ਲਹੂ ਲੁਹਾਣ ਹੋਈ ਦੇਖ ਕੇ ਉਸ ਦੇ ਹੇਠੋਂ ਜ਼ਮੀਨ ਖਿਸਕ ਗਈ। ਲਾਸ਼ ਦੇ ਕੋਲ ਕੁਲਹਾੜੀ ਵੀ ਪਈ ਸੀ।
ਇਸ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਡੀਐਸਪੀ DSP ਬਰਜਿੰਦਰ ਸਿੰਘ ਠਾਣਾ ਸਿਟੀ ਇੰਨਚਾਰਜ ਇੰਸਪੈਕਟਰ ਉਪਕਾਰ ਸਿੰਘ ਮੌਕੇ ਵਾਰਦਾਤ ਵਾਲੀ ਥਾਂ ਉੱਤੇ ਪਹੁੰਚੇ ਅਤੇ ਸਰਬਜੀਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਡੀਐਸਪੀ DSP ਨੇ ਦੱਸਿਆ ਹੈ ਕਿ ਡਾਗ ਸਕਵਾਇਡ ਦੀ ਟੀਮ ਨੂੰ ਸੱਦਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਨੇ ਕਿਹਾ ਕਿ ਹੱਤਿਆ ਦੇ ਮਾਮਲੇ ਤੋਂ ਛੇਤੀ ਹੀ ਪਰਦਾ ਉਠਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਛੇਤੀ ਦੀ ਗ੍ਰਿਫਤਾਰ ਕਰ ਲਿਆ ਜਾਵੇਗਾ।