ਇਹ ਖ਼ਬਰ ਪੰਜਾਬ ਦੇ ਜਿਲ੍ਹਾ ਜਲੰਧਰ ਤੋਂ ਸਾਹਮਣੇ ਆਈ ਹੈ। ਸਹੁਰੇ ਘਰ ਦੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਹੋਕੇ ਇੱਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਹੈ। ਇਥੇ ਪੁਲਿਸ ਦੇ ਵੱਲੋਂ ਮੌਕੇ ਤੇ ਸੁਸਾਇਡ ਨੋਟ ਵੀ ਬਰਾਮਦ ਕੀਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਸੰਦੀਪ ਕੁਮਾਰ ਦੇ ਤੌਰ ਉੱਤੇ ਹੋਈ ਹੈ ਜਿਹੜਾ ਕਿ ਪ੍ਰਤਾਪਪੁਰਾ ਇਲਾਕੇ ਦਾ ਰਹਿਣ ਵਾਲਾ ਸੀ। ਇਸ ਵਿਅਕਤੀ ਨੇ ਬੀਤੀ ਰਾਤ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਖਤਮ ਕਰ ਲਿਆ ਹੈ। ਸੰਦੀਪ ਕੁਮਾਰ ਨੇ ਸੁਸਾਇਡ ਨੋਟ ਵਿੱਚ ਆਪਣੀ ਪਤਨੀ ਅਤੇ ਉਸ ਦੇ ਮਾਤਾ ਪਿਤਾ ਉੱਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਹਨ। ਮੌਕੇ ਉੱਤੇ ਪਹੁੰਚੀ ਪੁਲਿਸ ਦੇ ਵਲੋਂ ਸੰਦੀਪ ਕੁਮਾਰ ਦੀ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਅੱਗੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮਾਮਲੇ ਤੇ ਪੁਲਿਸ ਨੇ ਦੱਸਿਆ ਹੈ ਕਿ ਸੰਦੀਪ ਕੁਮਾਰ ਆਪਣੀ ਪਤਨੀ ਅਤੇ ਸੱਸ ਸਹੁਰੇ ਤੋਂ ਪ੍ਰੇਸ਼ਾਨ ਸੀ। ਸੰਦੀਪ ਕੁਮਾਰ ਦੇ ਤਿੰਨ ਬੱਚੇ ਹਨ ਜਿਨ੍ਹਾਂ ਵਿੱਚ ਦੋ ਪੁੱਤਰ ਅਤੇ ਇੱਕ ਧੀ ਹੈ। ਇਕ ਪੁੱਤਰ ਕਰੀਬ 17 ਸਾਲ ਦਾ ਹੈ। ਇਸ ਘਟਨਾ ਤੇ ਮ੍ਰਿਤਕ ਦੀ ਮਾਂ ਨੇ ਦੱਸਿਆ ਹੈ ਕਿ ਸੰਦੀਪ ਕੁਮਾਰ ਦੀ ਪਤਨੀ ਅਤੇ ਉਸਦੇ ਸਹੁਰੇ ਘਰ ਵਾਲੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਉਸ ਦੀ ਪਤਨੀ ਆਏ ਦਿਨ ਲੜਾਈ ਕਰ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਸੀ। ਸੰਦੀਪ ਕੁਮਾਰ ਫਿਰ ਉਸ ਨੂੰ ਕਿਵੇਂ ਨਾ ਕਿਵੇਂ ਸਮਝਾ ਕੇ ਆਪਣੇ ਨਾਲ ਲੈ ਆਉਂਦਾ ਸੀ।
ਅੱਗੇ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਹ ਕੰਮ ਉੱਤੇ ਸੀ ਅਤੇ ਪਿੱਛੇ ਤੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਫੋਨ ਕਰ ਕੇ ਘਰ ਬੁਲਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਘਰ ਆਈ ਤਾਂ ਦੇਖਿਆ ਕਿ ਸੰਦੀਪ ਕੁਮਾਰ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਪੁੱਤਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਪਿਛਲੇ 8 ਮਹੀਨਿਆਂ ਤੋਂ ਲੁਧਿਆਣਾ ਵਿੱਚ ਰਹਿੰਦੀ ਸੀ ਅਤੇ 8 ਮਹੀਨੇ ਤੋਂ ਉਸਨੇ ਕਦੇ ਵੀ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਸ ਕਾਰਨ ਉਨ੍ਹਾਂ ਦਾ ਪਿਤਾ ਸੰਦੀਪ ਕੁਮਾਰ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਹ ਆਪਣਾ ਦੁੱਖ ਕਿਸੇ ਹੋਰ ਨੂੰ ਨਹੀਂ ਦੱਸਦਾ ਸੀ।