ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਸਥਾਨਕ ਕਸਬਾ ਚੋਗਾਵਾਂ ਦੇ ਵਿੱਚ ਇੱਕ ਮਾਂ ਦੇ ਵਲੋਂ ਆਪਣੀ 6 ਮਹੀਨਿਆਂ ਦੀ ਧੀ ਨੂੰ ਲਵਾਰਿਸ ਛੱਡ ਕੇ ਚਲੇ ਜਾਣ ਦਾ ਦੁੱਖ ਭਰਿਆ ਮਾਮਲਾ ਸਾਹਮਣੇ ਆਇਆ ਹੈ। ਅਮਨਦੀਪ ਕੁਮਾਰ ਜੋ ਚੌਗਾਵਾਂ ਤੋਂ ਲੋਪੋਕੇ ਰੋਡ ਉੱਤੇ ਸਥਿਤ ਖਿਆਲੇ ਵਾਲਿਆਂ ਦੀ ਕੱਪੜੇ ਦੀ ਦੁਕਾਨ ਦੇ ਮਾਲਿਕ ਹਨ। ਉਨ੍ਹਾਂ ਨੇ ਦੱਸਿਆ ਕਿ ਉਂਹੋਂ ਨੇ ਤਕਰੀਬਨ ਸਵੇਰੇ – ਸਵੇਰੇ 7 ਵਜੇ ਦੇ ਕਰੀਬ ਆਪਣੀ ਦੁਕਾਨ ਖੋਲੀ ਹੀ ਸੀ ਕਿ ਇੱਕ ਔਰਤ ਉਨ੍ਹਾਂ ਦੀ ਦੁਕਾਨ ਉੱਤੇ ਆਈ ਅਤੇ ਪੁੱਛਣ ਲੱਗੀ ਕਿ ਨਾਲ ਵਾਲੀ ਡਾਕਟਰ ਦੀ ਦੁਕਾਨ ਕਦੋਂ ਖੁਲਦੀ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਡਾਕਟਰ 12 ਵਜੇ ਦੇ ਕਰੀਬ ਆਉਂਦੇ ਹਨ ਤਾਂ ਉਹ ਔਰਤ ਉੱਥੇ ਪਈ ਕੁਰਸੀ ਉਪਰ ਬੈਠ ਗਈ।
ਉਸ ਔਰਤ ਨੇ ਕੁੱਝ ਮਿੰਟਾਂ ਦੇ ਬਾਅਦ ਅਮਨਦੀਪ ਕੁਮਾਰ ਨੂੰ ਕਿਹਾ ਬੱਚੇ ਨੂੰ ਫੜਨਾ ਉਸ ਨੇ ਬਾਥਰੂਮ ਜਾਣਾ ਹੈ ਤਾਂ ਉਹ ਬਾਥਰੂਮ ਕਰਨ ਦੇ ਬਹਾਨੇ ਗਈ ਲੇਕਿਨ ਵਾਪਸ ਨਹੀਂ ਆਈ। ਕਾਫ਼ੀ ਦੇਰ ਉਡੀਕ ਕਰਨ ਦੇ ਬਾਅਦ ਥਾਣਾ ਲੋਪੋਕੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤਾਂ ਪੁਲਿਸ ਦੇ ਵੱਲੋਂ ਮੌਕੇ ਉੱਤੇ ਪਹੁੰਚ ਕੇ ਉਸ ਬੱਚੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਦੁਕਾਨਾਂ ਉੱਤੇ ਲੱਗੇ ਕੈਮਰਿਆਂ ਦੀ ਮਦਦ ਦੇ ਨਾਲ ਉਸਦੀ ਮਾਂ ਦਾ ਪਤਾ ਲਗਾਇਆ ਤਾਂ ਉਸਦਾ ਪਿੰਡ ਗਲਤ ਨਿਕਲਿਆ।
ਇਸ ਮਾਮਲੇ ਤੇ ਪਤਾ ਲੱਗਿਆ ਕਿ ਉਕਤ ਔਰਤ 15 ਦਿਨ ਪਹਿਲਾਂ ਬੱਚੀ ਨੂੰ ਨਾਲ ਲੈ ਕੇ ਘਰ ਛੱਡ ਕੇ ਚੱਲੀ ਗਈ ਸੀ ਅਤੇ ਅੱਜ ਉਹ ਬੱਚੀ ਨੂੰ ਚੋਗਾਵਾਂ ਦੇ ਵਿੱਚ ਛੱਡ ਗਈ। ਥਾਣਾ ਲੋਪੋਕੇ ਸਭ ਇੰਸਪੈਕਟਰ ਨਿਸ਼ਾਨ ਸਿੰਘ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਜਸਲੀਨ ਕੌਰ ਜਿਸ ਨੂੰ ਉਸਦੀ ਮਾਂ ਛੱਡ ਕੇ ਚੱਲੀ ਗਈ ਸੀ। ਉਸ ਬੱਚੀ ਨੂੰ ਉਸ ਦੇ ਦਾਦਾ ਦਾਦੀ ਦੇ ਹਵਾਲੇ ਕਰ ਦਿੱਤਾ ਗਿਆ ਹੈ।