ਪੰਜਾਬ ਵਿਚ ਜਿਲ੍ਹਾ ਮੋਗਾ ਦੇ ਪਿੰਡ ਬੁੱਘੀਪੁਰਾ ਵਾਸੀ ਸਰਬਜੀਤ ਕੌਰ ਉਮਰ 40 ਸਾਲ ਜਿਹੜੀ ਕਿ ਦੋ ਬੱਚਿਆਂ ਦੀ ਮਾਂ ਸੀ ਦੀ ਰੰਜਸ਼ ਦੇ ਕਾਰਨ ਤੇਜਧਾਰ ਕੁਲਹਾੜੀ ਮਾਰ ਕੇ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ਉੱਤੇ ਡੀ. ਐੱਸ. ਪੀ. ਧਰਮਕੋਟ ਮਨਜੀਤ ਸਿੰਘ ਢੇਸੀ ਅਤੇ ਹੋਰ ਪੁਲਿਸ ਅਧਿਕਾਰੀ ਪਹੁੰਚੇ ਅਤੇ ਜਾਂਚ ਦੇ ਇਲਾਵਾ ਹੋਰ ਲੋਕਾਂ ਦੇ ਕੋਲੋਂ ਵੀ ਪੁੱਛਗਿਛ ਕੀਤੀ ਗਈ।
ਇਸ ਮਾਮਲੇ ਤੇ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਪਤੀ ਕੰਵਲਜੀਤ ਸਿੰਘ ਨੇ ਕਿਹਾ ਕਿ ਉਸਦਾ ਵਿਆਹ 21 ਸਾਲ ਪਹਿਲਾਂ ਸਰਬਜੀਤ ਕੌਰ ਦੇ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ ਅਤੇ ਉਹ ਖੁਦ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ। ਉਸ ਨੇ ਕਿਹਾ ਕਿ ਜਦੋਂ ਉਸਦੀ ਪਤਨੀ ਸਰਬਜੀਤ ਕੌਰ ਅਤੇ ਜਸਵਿੰਦਰ ਕੌਰ ਦੋਵੇਂ ਸਾਬਕਾ ਸਰਪੰਚ ਬਲਦੇਵ ਸਿੰਘ ਦੇ ਖੇਤਾਂ ਦੇ ਵੱਲ ਜਾਂਦੇ ਕੱਚੇ ਰਸਤੇ ਉੱਤੇ ਰੇਹੜੀ ਉੱਤੇ ਚਾਰਾ ਲੈਣ ਲਈ ਜਾ ਰਹੀਆਂ ਸਨ ਤਾਂ ਉਹ ਸਾਈਕਲ ਉੱਤੇ ਉਨ੍ਹਾਂ ਦੇ ਪਿੱਛੇ ਜਾ ਰਿਹਾ ਸੀ ਅਤੇ ਇਸ ਦੌਰਾਨ ਦੋਸ਼ੀ ਗੁਰਪ੍ਰੀਤ ਸਿੰਘ ਵਾਸੀ ਬੁੱਗੀਪੁਰਾ ਸਕੂਟਰ ਉੱਤੇ ਆਇਆ ਅਤੇ ਉਸ ਨੇ ਉਸਦੇ ਵੇਖਦੇ ਹੀ ਉਸਦੀ ਪਤਨੀ ਸਰਬਜੀਤ ਕੌਰ ਉੱਤੇ ਤੇਜਧਾਰ ਕੁਲਹਾੜੀ ਦੇ ਨਾਲ ਹਮਲਾ ਕਰ ਦਿੱਤਾ ਜਿਸਦੇ ਨਾਲ ਉਹ ਖੇਤ ਵਿੱਚ ਡਿੱਗ ਪਈ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਹ ਆਪਣੇ ਸਕੂਟਰ ਉੱਤੇ ਮੌਕੇ ਤੋਂ ਫਰਾਰ ਹੋ ਗਿਆ।
ਉਸ ਨੇ ਦੱਸਿਆ ਕਿ ਉਹ ਆਪਣੇ ਭਰਾ ਨੂੰ ਨਾਲ ਲੈ ਕੇ ਜਦੋਂ ਪਤਨੀ ਨੂੰ ਜਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਮੋਗਾ ਲਿਆਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਸ ਨੇ ਕਿਹਾ ਕਿ ਦੋਸ਼ੀ ਗੁਰਪ੍ਰੀਤ ਸਿੰਘ ਉਸਦੀ ਪਤਨੀ ਸਰਬਜੀਤ ਕੌਰ ਉੱਤੇ ਬੁਰੀ ਨਜ਼ਰ ਰੱਖਦਾ ਸੀ ਅਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਉਸ ਨੇ ਪਹਿਲਾਂ ਵੀ ਪੰਚਾਇਤੀ ਤੌਰ ਉੱਤੇ ਮਾਫੀ ਮੰਗੀ ਸੀ ਕਿ ਉਹ ਅੱਗੇ ਤੋਂ ਤੰਗ ਪ੍ਰੇਸ਼ਾਨ ਨਹੀਂ ਕਰੇਗਾ। ਜਿਸ ਦੇ ਕਾਰਨ ਉਹ ਉਨ੍ਹਾਂ ਦੇ ਨਾਲ ਰੰਜਿਸ਼ ਰੱਖਦਾ ਆ ਰਿਹਾ ਸੀ ਅਤੇ ਇਸ ਰੰਜਿਸ਼ ਕਾਰਨ ਹੀ ਉਸਨੇ ਉਸਦੀ ਪਤਨੀ ਸਰਬਜੀਤ ਕੌਰ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਹੈ। ਇਸ ਸੰਬੰਧ ਵਿੱਚ ਮਹਿਣਾ ਪੁਲਿਸ ਦੇ ਵੱਲੋਂ ਹੱਤਿਆ ਦੇ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ।