ਪੰਜਾਬ ਵਿਚ ਥਾਣਾ ਭਿਖੀਵਿੰਡ ਅਧੀਨ ਆਉਂਦੇ ਪਿੰਡ ਕਲਸੀਆਂ ਵਿੱਚ 50 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਇੱਟ ਮਾਰਕੇ ਇਕ ਨੌਜਵਾਨ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਗੁਰਸਾਹਿਬ ਸਿੰਘ ਉਰਫ ਬੱਗਾ ਪੁੱਤਰ ਰਾਜ ਸਿੰਘ ਵਾਸੀ ਕਲਸੀਆਂ ਦੇ ਰੂਪ ਵਿੱਚ ਕੀਤੀ ਗਈ ਹੈ।
ਇਸ ਮਾਮਲੇ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਮ੍ਰਿਤਕ ਨੌਜਵਾਨ ਦੇ ਭਰਾ ਜਸਕਰਨ ਸਿੰਘ ਪੁੱਤਰ ਰਾਜ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦਾ ਗੁਆਂਢੀ ਕੁਲਦੀਪ ਸਿੰਘ ਪੁੱਤ ਸਰਵਨ ਸਿੰਘ ਪਿੰਡ ਭੁੱਚਰ ਵਿੱਚ ਵਾਟਰ ਸਪਲਾਈ ਦੀ ਪੈ ਰਹੀ ਪਾਇਪ ਲਾਈਨ ਤੇ ਠੇਕੇਦਾਰ ਦੇ ਨਾਲ ਦਿਹਾੜੀ ਦਾ ਕੰਮ ਕਰਦੇ ਹਨ। ਇੱਕ ਦਿਨ ਠੇਕੇਦਾਰ ਵਲੋਂ ਜਦੋਂ ਦਿਹਾੜੀ ਦਿੱਤੀ ਗਈ ਤਾਂ ਕੁਲਦੀਪ ਸਿੰਘ ਨੇ ਉਸਦੀ ਦਿਹਾੜੀ ਦੇ ਪੈਸੀਆਂ ਵਿੱਚੋਂ 50 ਰੁਪਏ ਜਿਆਦਾ ਰੱਖ ਲਏ। ਪਿਛਲੇ ਰਾਤ ਜਦੋਂ ਉਕਤ ਨੌਜਵਾਨ ਕੁਲਦੀਪ ਸਿੰਘ ਤੋਂ ਜਸਕਰਨ ਸਿੰਘ ਨੇ ਉਸਦੇ ਪੈਸੀਆਂ ਵਿੱਚੋਂ ਜਿਆਦਾ ਰੱਖੇ ਪੈਸਿਆਂ ਨੂੰ ਵਾਪਸ ਮੰਗਿਆ ਤਾਂ ਉਹ ਨੌਜਵਾਨ ਆਪਣੇ ਨਾਲ ਦੇ ਹੋਰ ਵਿਅਕਤੀਆਂ ਨੂੰ ਨਾਲ ਲੈਕੇ ਉਨ੍ਹਾਂ ਦੇ ਗਲ ਪੈ ਗਿਆ।
ਨੇੜੇ ਦੇ ਲੋਕਾਂ ਦੇ ਇਕੱਠੇ ਹੋਣ ਦੇ ਕਾਰਨ ਜਦੋਂ ਮਾਮਲਾ ਠੰਡਾ ਪਿਆ ਤਾਂ ਉਸ ਤੋਂ ਬਾਅਦ ਵਿੱਚ ਉਕਤ ਰੰਜਿਸ਼ ਨੂੰ ਲੈ ਕੇ ਤੈਸ਼ ਵਿੱਚ ਆਏ ਕੁਲਦੀਪ ਸਿੰਘ ਸ਼ੇਰਾ ਸਿੰਘ ਤਾਰਾ ਸਿੰਘ ਸਵਰਣ ਸਿੰਘ ਅਤੇ ਗੌਸ਼ਾ ਨਾਮ ਦੇ ਵਿਅਕਤੀ ਮੇਰੇ ਛੋਟੇ ਭਰਾ ਗੁਰਸਾਹਿਬ ਸਿੰਘ ਉਰਫ ਬੱਗਾ ਨੂੰ ਘਰ ਤੋਂ ਘੜੀਸ ਕੇ ਲੈ ਗਏ। ਉਨ੍ਹਾਂ ਨੇ ਗੁਰਸਾਹਿਬ ਸਿੰਘ ਦੇ ਸਿਰ ਵਿੱਚ ਇੱਟਾਂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਦੇ ਭਰਾ ਜਸਕਰਨ ਸਿੰਘ ਅਤੇ ਭੂਆ ਜੋਗਿੰਦਰ ਕੌਰ ਨੇ ਭਿਖੀਵਿੰਡ ਦੀ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਕਤ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕ ਉਨ੍ਹਾਂ ਨੂੰ ਇੰਨਸਾਫ ਦਵਾਇਆ ਜਾਵੇ। ਇਸ ਮਾਮਲੇ ਦੇ ਸਬੰਧ ਵਿੱਚ ਉਪ ਪੁਲਿਸ ਕਪਤਾਨ ਭਿਖੀਵਿੰਡ ਤਰਸੇਮ ਈਸਾ ਮਸੀਹ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪੱਟੀ ਵਿੱਚ ਭੇਜ ਦਿੱਤਾ ਗਿਆ ਹੈ। ਮ੍ਰਿਤਕ ਗੁਰਸਾਹਿਬ ਸਿੰਘ ਉਰਫ ਬੱਗਾ ਦੇ ਪਰਵਾਰਿਕ ਮੈਬਰਾਂ ਦੇ ਬਿਆਨਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।