ਪੰਜਾਬ ਵਿਚ ਜਿਲ੍ਹਾ ਬਰਨਾਲਾ ਦੇ ਥਾਣਾ ਟੱਲੇਵਾਲ ਦੇ ਅਧੀਨ ਪਿੰਡ ਗਹਲ ਵਿੱਚ ਐਤਵਾਰ ਸਵੇਰੇ ਇੱਕ ਸਾਬਕਾ ਜੁਆਈ ਜਗਰੂਪ ਸਿੰਘ ਨੇ 68 ਸਾਲ ਉਮਰ ਦੀ ਆਪਣੀ ਸੱਸ ਮੁਖਤਿਆਰ ਕੌਰ ਦੀ ਚਾਕੂ ਮਾਰਕੇ ਹੱਤਿਆ ਕਰ ਦਿੱਤੀ। ਜਦੋਂ ਕਿ ਉਨ੍ਹਾਂ ਨੂੰ ਛਡਾਉਣ ਆਈ ਇੱਕ ਗੁਆਂਢੀ ਮਹਿਲਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ। ਉਸਨੂੰ ਇਲਾਜ ਲਈ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਦੋਸ਼ੀ ਪੂਰਵ ਜੁਆਈ ਜਗਰੂਪ ਸਿੰਘ ਨੂੰ ਪਿੰਡ ਵਾਲੀਆਂ ਨੇ ਘਟਨਾ ਸਥਲ ਉੱਤੇ ਹੀ ਫੜ ਲਿਆ। ਉਨ੍ਹਾਂ ਨੇ ਉਸਦੀ ਛਿੱਤਰ ਪਰੇਡ ਕਰਕੇ ਉਸ ਨੂੰ ਪੁਲਿਸ ਨੂੰ ਸੌਂਪ ਦਿੱਤਾ।
ਪੁਲਿਸ ਵਲੋਂ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮੁਖਤਿਆਰ ਕੌਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਬਰਨਾਲੇ ਦੇ ਲਾਸ਼ ਗ੍ਰਹਿ ਵਿੱਚ ਰਖਵਾ ਦਿੱਤਾ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਇੰਨਚਾਰਜ ਇੰਸਪੈਕਟਰ ਬਲਤੇਜ ਸਿੰਘ ਨੇ ਦੱਸਿਆ ਕਿ ਪਿੰਡ ਗਹਲ ਦੇ ਜੀਤ ਸਿੰਘ ਅਤੇ ਮੁਖਤਿਆਰ ਕੌਰ ਦੀ ਧੀ ਦਾ ਵਿਆਹ ਦਸ ਸਾਲ ਪਹਿਲਾਂ ਜਗਰੂਪ ਸਿੰਘ ਵਾਸੀ ਚੋਹਾਨਕੇ ਖੁਰਦ ਨਾਲ ਹੋਇਆ ਸੀ। ਦੋਵੇਂ ਪਤੀ ਪਤਨੀ ਵਿੱਚ ਘਰੇਲੂ ਝਗੜੇ ਦੇ ਚਲਦੇ ਸੱਤ ਸਾਲ ਪਹਿਲਾਂ ਉਨ੍ਹਾਂ ਦਾ ਪੰਚਾਇਤੀ ਤਲਾਕ ਹੋ ਗਿਆ ਸੀ। ਪਿਤਾ ਜੀਤ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਨੇ ਤਲਾਕ ਤੋਂ ਬਾਅਦ ਤੁਰੰਤ ਹੀ ਆਪਣੀ ਧੀ ਦਾ ਵਿਆਹ ਪਿੰਡ ਹਿੰਮਤਪੁਰਾ ਦੇ ਵਾਸੀ ਇੱਕ ਹੋਰ ਨੌਜਵਾਨ ਨਾਲ ਕਰ ਦਿੱਤਾ ਸੀ। ਦੂਜੀ ਜਗ੍ਹਾ ਵਿਆਹ ਕਰਨ ਤੋਂ ਗੁੱਸੇ ਵਿਚ ਆਏ ਜਗਰੂਪ ਸਿੰਘ ਨੇ ਅੱਠ ਅਪ੍ਰੈਲ ਨੂੰ ਪਿੰਡ ਗਹਲ ਵਿੱਚ ਉਨ੍ਹਾਂ ਦੇ ਘਰ ਆਕੇ ਆਪਣੇ ਸੱਸ ਸਹੁਰੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਐਤਵਾਰ ਦੀ ਸਵੇਰ ਜਗਰੂਪ ਸਿੰਘ ਕਰੀਬ 9 ਵਜੇ ਗਹਲ ਆਪਣੇ ਪੂਰਵ ਸਹੁਰੇ ਘਰ ਆਇਆ। ਉਸ ਵਕਤ ਘਰ ਵਿੱਚ ਮੁਖਤਿਆਰ ਕੌਰ ਇਕੱਲੀ ਸੀ। ਜਗਰੂਪ ਸਿੰਘ ਨੇ ਮੁਖਤਿਆਰ ਕੌਰ ਉੱਤੇ ਚਾਕੂ ਨਾਲ ਕਈ ਵਾਰ ਕਰ ਦਿੱਤੇ। ਰੌਲਾ ਸੁਣ ਕੇ ਗੁਆਂਢੀ ਮਹਿਲਾ ਕੁਲਵੰਤ ਕੌਰ ਉਨ੍ਹਾਂ ਨੂੰ ਛਡਾਉਣ ਆਈ ਤਾਂ ਦੋਸ਼ੀ ਨੇ ਉਸ ਉੱਤੇ ਵੀ ਚਾਕੂ ਨਾਲ ਕਈ ਵਾਰ ਕੀਤੇ। ਮੁਖਤਿਆਰ ਕੌਰ ਦੀ ਘਟਨਾ ਵਾਲੀ ਥਾਂ ਉੱਤੇ ਹੀ ਮੌਤ ਹੋ ਗਈ ਜਦੋਂ ਕਿ ਕੁਲਵੰਤ ਕੌਰ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਵਿੱਚ ਭਰਤੀ ਕਰਾਇਆ ਗਿਆ ਹੈ। ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ।
ਇਸ ਤੋਂ ਬਾਅਦ ਵਿੱਚ ਪਿੰਡ ਵਾਸੀਆਂ ਨੇ ਦੋਸ਼ੀ ਜਗਰੂਪ ਸਿੰਘ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਸ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਹੈ। ਇੰਨਚਾਰਜ ਇੰਸਪੈਕਟਰ ਬਲਤੇਜ ਸਿੰਘ ਨੇ ਦੱਸਿਆ ਹੈ ਕਿ ਮਹਿਲਾ ਦੇ ਪਤੀ ਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।