ਪੰਜਾਬ ਵਿਚ ਗੁਰਦਾਸਪੁਰ ਦੇ ਬਟਾਲਾ ਵਿਖੇ ਸ਼ੱਕੀ ਹਾਲਾਤ ਵਿੱਚ ਇੱਕ ਵਿਆਹੀ ਹੋਈ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪੇਕੇ ਵਾਲਿਆਂ ਨੇ ਸਹੁਰੇ ਪਰਿਵਾਰ ਤੇ ਦਹੇਜ ਦੀ ਖਾਤਰ ਮਹਿਲਾ ਨੂੰ ਮਾਰਨ ਦੇ ਇਲਜ਼ਾਮ ਲਾਏ ਹਨ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਨੂੰ ਦਰਜ ਕਰ ਲਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਤੇ ਸਿਵਲ ਲਾਈਨ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਸੁਰਿੰਦਰ ਸਿੰਘ ਵਾਸੀ ਅੰਮ੍ਰਿਤਸਰ ਨੇ ਸ਼ਿਕਾਇਤ ਦਿੱਤੀ ਹੈ ਕਿ ਉਸਦੀ ਭੈਣ ਨਿਸ਼ਾ ਦਾ ਵਿਆਹ ਤਕਰੀਬਨ ਚਾਰ ਸਾਲ ਪਹਿਲਾਂ ਬਟਾਲੇ ਦੇ ਮੁਰਗੀ ਮਹੱਲਾ ਦੇ ਰਹਿਣ ਵਾਲੇ ਸਰਵਨ ਸਿੰਘ ਦੇ ਨਾਲ ਹੋਇਆ ਸੀ। ਵਿਆਹ ਦੇ ਦੌਰਾਨ ਨਿਸ਼ਾ ਦੇ ਸਹੁਰੇ ਪਰਿਵਾਰ ਵਾਲਿਆਂ ਨੂੰ ਆਪਣੀ ਹੈਸੀਅਤ ਤੋਂ ਜ਼ਿਆਦਾ ਦਹੇਜ ਦਿੱਤਾ ਸੀ। ਲੇਕਿਨ ਨਿਸ਼ਾ ਦੇ ਸਹੁਰੇ ਘਰ ਵਾਲੇ ਦਹੇਜ ਲਈ ਨਿਸ਼ਾ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ ਅਤੇ ਅਕਸਰ ਕੁੱਟਮਾਰ ਵੀ ਕਰਦੇ ਸਨ। ਪਿਛਲੇ ਕੁੱਝ ਦਿਨਾਂ ਤੋਂ ਨਿਸ਼ਾ ਤੋਂ ਉਸਦੇ ਸਹੁਰੇ ਪਰਿਵਾਰ ਵਾਲੇ ਗੱਡੀ ਦੀ ਮੰਗ ਕਰ ਰਹੇ ਸਨ। ਮੰਗਲਵਾਰ ਨੂੰ ਫੋਨ ਆਇਆ ਕਿ ਨਿਸ਼ਾ ਦੀ ਹਾਲਤ ਖ਼ਰਾਬ ਹੈ। ਜਦੋਂ ਉਹ ਬਟਾਲਾ ਪਹੁੰਚੇ ਤਾਂ ਦੇਖਿਆ ਨਿਸ਼ਾ ਦੀ ਮੌਤ ਹੋ ਚੁੱਕੀ ਸੀ। ਨਿਸ਼ਾ ਦੇ ਪਿਤਾ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਨਿਸ਼ਾ ਦੀ ਮੌਤ ਦਾ ਕਾਰਨ ਉਸਦੇ ਸਹੁਰੇ ਪਰਿਵਾਰ ਵਾਲੇ ਹਨ। ਇਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਹੋਵੇਗੀ ਕਾਰਵਾਈ
ਇਸ ਸਬੰਧੀ ਵਿਚ ਐਸਐਚਓ ਥਾਣਾ ਸਿਵਲ ਲਾਈਨ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਚੱਲ ਰਹੀ ਹੈ। ਮ੍ਰਿਤਕਾ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਵਿੱਚ ਜੋ ਵੀ ਸਚਾਈ ਹੋਵੇਗੀ ਸਾਹਮਣੇ ਆਉਣ ਤੇ ਉਸ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮ੍ਰਿਤਕਾ ਦੀ ਸੱਸ ਨੇ ਕਿਹਾ ਬਲਡ ਪ੍ਰੇਸ਼ਰ ਘੱਟ ਹੋਣ ਕਾਰਨ ਹੋਈ ਮੌਤ
ਇਸ ਸਬੰਧੀ ਨਿਸ਼ਾ ਦੀ ਸੱਸ ਕੁਲਵਿਦਰ ਕੌਰ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਨਿਸ਼ਾ ਦਾ ਬਲਡ ਪ੍ਰੇਸ਼ਰ ਘੱਟ ਹੋ ਗਿਆ ਸੀ। ਉਸ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ ਸੀ। ਲੇਕਿਨ ਉਥੇ ਉਸ ਦੀ ਮੌਤ ਹੋ ਗਈ। ਨਿਸ਼ਾ ਦੀ ਮੌਤ ਵਿੱਚ ਉਨ੍ਹਾਂ ਦਾ ਹੱਥ ਨਹੀਂ ਹੈ।