ਜਿਲ੍ਹਾ ਸੰਗਰੂਰ ਤੋਂ ਭਾਰੀ ਰਕਮ ਖਰਚਣ ਤੋਂ ਬਾਅਦ ਇੰਗਲੈਂਡ ਗਈ ਪਤਨੀ ਨੇ ਪਤੀ ਨੂੰ ਆਪਣੇ ਕੋਲ ਨਹੀਂ ਬੁਲਾਇਆ ਤਾਂ ਉਸ ਨੇ ਚੌਂਕਾਉਣ ਵਾਲਾ ਕਦਮ ਉਠਾ ਲਿਆ। ਗੁੱਸੇ ਵਿਚ ਆਏ ਵਿਅਕਤੀ ਨੇ ਉਸਦਾ ਵਿਆਹ ਕਰਵਾਉਣ ਵਾਲੇ ਵਿਚੋਲੇ ਦੇ ਪੁੱਤਰ ਨੂੰ ਅਗਵਾਹ ਕਰ ਲਿਆ। ਉਸ ਨੇ ਵਿਚੋਲੇ ਤੋਂ 26 ਲੱਖ ਰੁਪਏ ਦੀ ਮੰਗ ਕੀਤੀ। ਉਸਦਾ ਕਹਿਣਾ ਸੀ ਕਿ ਇੰਨੀ ਰਾਸ਼ੀ ਪਤਨੀ ਨੂੰ ਵਿਦੇਸ਼ ਭੇਜਣ ਦੇ ਵਿੱਚ ਖਰਚ ਹੋਈ ਹੈ। ਹੁਣ ਉਹ ਉਸਨੂੰ ਆਪਣੇ ਕੋਲ ਨਹੀਂ ਸੱਦ ਰਹੀ ਤਾਂ ਉਹ ਇਸ ਰਕਮ ਨੂੰ ਵਾਪਸ ਕਰੇ।
ਇਸ ਮਾਮਲੇ ਵਿਚ ਪੁਲਿਸ ਨੇ ਕੜੀ ਮਸ਼ੱਕਤ ਤੋਂ ਬਾਅਦ ਫੋਨ ਕਾਲ ਡਿਟੇਲ ਅਤੇ ਮੋਬਾਇਲ ਨੈੱਟਵਰਕ ਨੂੰ ਟਰੇਸ ਕਰਕੇ ਨੌਜਵਾਨ ਨੂੰ ਸਹੀ ਸਲਾਮਤ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਦੋਸ਼ੀ ਹਰਜਿੰਦਰ ਸਿੰਘ ਅਤੇ ਉਸਦੇ ਤਿੰਨ ਅਣਪਛਾਤੇ ਸਾਥੀਆਂ ਦੇ ਉੱਤੇ ਮਾਮਲਾ ਦਰਜ ਕਰਿਆ ਹੈ।
ਐਸਪੀ ਪਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਲਕਸ਼ਮਣ ਸਿੰਘ ਵਾਸੀ ਕਾਂਝਲਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰਮਵੀਰ ਸਿੰਘ ਉਰਫ ਰਾਜੂ ਉਮਰ 26 ਸਾਲ ਸੰਗਰੂਰ ਵਿੱਚ ਮਦਨਜੀਤ ਸਿੰਘ ਕੋਠੀ ਦੇ ਨਜ਼ਦੀਕ ਮੋਬਾਇਲ ਦੀ ਦੁਕਾਨ ਉੱਤੇ ਕੰਮ ਕਰਦਾ ਹੈ। ਬੁੱਧਵਾਰ ਦੀ ਰਾਤ ਨੂੰ ਉਹ ਵਾਪਸ ਘਰ ਨਹੀਂ ਪਹੁੰਚਿਆ। ਪੜਤਾਲ ਕਰਨ ਉੱਤੇ ਪਤਾ ਚੱਲਿਆ ਕਿ ਕੋਈ ਉਸਨੂੰ ਆਪਣੇ ਨਾਲ ਲੈ ਗਿਆ ਹੈ।
ਇਹ ਵਿਆਹ ਲਕਸ਼ਮਣ ਸਿੰਘ ਨੇ ਤਿੰਨ ਸਾਲ ਪਹਿਲਾਂ ਕਰਵਾਇਆ ਸੀ
ਉਨ੍ਹਾਂ ਨੇ ਦੱਸਿਆ ਕਿ ਲਕਸ਼ਮਣ ਸਿੰਘ ਨੇ ਬਡਰੁੱਖਾਂ ਦੇ ਹਰਜਿੰਦਰ ਸਿੰਘ ਉਰਫ ਹਨੀ ਦਾ ਤਿੰਨ ਸਾਲ ਪਹਿਲਾਂ ਬਰਨਾਲਾ ਦੀ ਮੁਟਿਆਰ ਨਾਲ ਵਿਆਹ ਕਰਵਾਇਆ ਸੀ। ਉਸ ਮੁਟਿਆਰ ਨੇ ਸਟਡੀ ਬੇਸ ਉੱਤੇ ਵਿਦੇਸ਼ ਇੰਗਲੈਂਡ ਵਿਚ ਜਾਣਾ ਸੀ। ਉਸਦੀ ਪੜਾਈ ਅਤੇ ਇੰਗਲੈਂਡ ਜਾਣ ਦਾ ਖਰਚ ਵਾਅਦੇ ਅਨੁਸਾਰ ਹਰਜਿੰਦਰ ਸਿੰਘ ਨੇ ਚੁੱਕਿਆ। ਬਾਅਦ ਵਿੱਚ ਹਰਜਿੰਦਰ ਸਿੰਘ ਆਪਣੀ ਪਤਨੀ ਦੇ ਕੋਲ ਨਹੀਂ ਜਾ ਸਕਿਆ ਸੀ। ਇਸ ਤੋਂ ਬਾਅਦ ਉਹ ਵਿਆਹ ਅਤੇ ਪਤਨੀ ਨੂੰ ਵਿਦੇਸ਼ ਭੇਜਣ ਉੱਤੇ ਹੋਏ ਖਰਚ ਦੀ ਮੰਗ ਕਰਨ ਲੱਗਿਆ। ਇਸ ਸਬੰਧ ਵਿੱਚ ਦੋ ਵਾਰ ਦੋਵਾਂ ਧਿਰਾਂ ਦੀ ਗੱਲਬਾਤ ਵੀ ਹੋ ਚੁੱਕੀ ਹੈ।
ਹਰਜਿੰਦਰ ਸਿੰਘ ਹਨੀ ਨੇ ਇਸ ਰੰਜਿਸ਼ ਵਿੱਚ ਆਪਣੇ ਸਾਥੀਆਂ ਦੇ ਨਾਲ ਮਿਲਕੇ ਕਰਮਵੀਰ ਨੂੰ ਅਗਵਾਹ ਕਰ ਲਿਆ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਤੁਰੰਤ ਨੌਜਵਾਨ ਦੀ ਤਲਾਸ਼ ਸ਼ੁਰੂ ਕੀਤੀ ਅਤੇ ਮੋਬਾਇਲ ਨੈੱਟਵਰਕ ਦੇ ਆਧਾਰ ਉੱਤੇ ਦੋਸ਼ੀਆਂ ਦਾ ਪਿੱਛਾ ਕੀਤਾ। ਪੁਲਿਸ ਨੇ ਭੀਖੀ ਇਲਾਕੇ ਦੇ ਕੋਲ ਤੋਂ ਨੌਜਵਾਨ ਨੂੰ ਬਰਾਮਦ ਕਰ ਲਿਆ।
ਜਦੋਂ ਪੁਲਿਸ ਦੀ ਭਿਨਕ ਲੱਗੇ ਤਾਂ ਕਰਮਵੀਰ ਨੂੰ ਛੱਡ ਭੱਜਿਆ ਦੋਸ਼ੀ
ਐਸਪੀ ਪਲਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਦੋਸ਼ੀ ਨੂੰ ਭਿਨਕ ਲੱਗੀ ਕਿ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ ਤਾਂ ਉਹ ਕਰਮਵੀਰ ਨੂੰ ਭੀਖੀ ਦੇ ਨਜ਼ਦੀਕ ਛੱਡ ਕੇ ਭੱਜ ਗਿਆ। ਜਿੱਥੋਂ ਪੁਲਿਸ ਨੇ ਉਸ ਨੂੰ ਬਰਾਮਦ ਕਰ ਲਿਆ। ਦੋਸ਼ੀ ਹਰਜਿੰਦਰ ਸਿੰਘ ਅਤੇ ਉਸ ਦੇ ਤਿੰਨ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।