ਇਹ ਦੁਖਦਾਈ ਖ਼ਬਰ ਪੰਜਾਬ ਵਿਚ ਤਰਨਤਾਰਨ ਤੋਂ ਸਾਹਮਣੇ ਆਈ ਹੈ। ਤਰਨਤਾਰਨ ਦੇ ਕਸਬੇ ਪੱਟੀ ਦੇ ਮੁਠਿਆ ਵਾਲਾ ਵਿੱਚ ਵਿਸਾਖੀ ਵਾਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਸਤਲੁਜ ਨਦੀ ਵਿੱਚ ਡੁਬਕੀ ਲਾਉਣ ਗਏ ਚਾਚਾ ਅਤੇ ਭਤੀਜਾ ਡੁੱਬ ਗਏ। ਚਾਚੇ ਦੀ ਪਹਿਚਾਣ ਸੰਦੀਪ ਸਿੰਘ ਉਮਰ 25 ਸਾਲ ਅਤੇ ਭਤੀਜੇ ਦੀ ਪਹਿਚਾਣ ਸਾਜਨ ਉਮਰ 19 ਸਾਲ ਦੇ ਤੌਰ ਤੇ ਹੋਈ ਹੈ। ਇਹ ਘਟਨਾ ਦੁਪਹਿਰ ਬਾਅਦ ਦੀ ਦੱਸੀ ਜਾ ਰਹੀ ਹੈ। ਗੁਰਦੁਆਰਾ ਸ਼੍ਰੀ ਗੁਪਤਸਰ ਸਾਹਿਬ ਵਿੱਚ ਦੋਵੇਂ ਮੱਥਾ ਟੇਕਣ ਆਏ ਸਨ। ਸੀਮਾ ਸੁਰੱਖਿਆ ਬਲ (ਬੀਐਸਐਫ) ਦੀ ਇੱਕ ਟੀਮ ਨੇ ਇਨ੍ਹਾਂ ਦੋਵਾਂ ਨੂੰ ਬਚਾਉਣ ਦੀ ਕਾਫ਼ੀ ਸਮੇਂ ਤੱਕ ਕੋਸ਼ਿਸ਼ ਕੀਤੀ ਲੇਕਿਨ ਦੋਵਾਂ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਕਿਉਂਕਿ ਪਾਣੀ ਦਾ ਵਹਾਅ ਕਾਫੀ ਤੇਜ ਹੈ।
ਦੇਸ਼ ਵਿਦੇਸ਼ ਵਿੱਚ ਵੀਰਵਾਰ ਨੂੰ ਵਿਸਾਖੀ ਦਾ ਦਿਹਾੜਾ ਮਨਾਇਆ ਜਾ ਰਿਹਾ ਸੀ। ਜਿਲਾ ਤਰਨਤਾਰਨ ਦੇ ਪਿੰਡ ਮੁਠਿਆ ਵਾਲਾ ਵਿੱਚ ਗੁਰਦੁਆਰਾ ਸ਼੍ਰੀ ਗੁਪਤਸਰ ਸਾਹਿਬ ਵਿੱਚ ਦੂਰ ਦੂਰ ਤੋਂ ਸੰਗਤ ਮੱਥਾ ਟੇਕਣ ਲਈ ਪਹੁੰਚੀ। ਇਥੇ ਕੋਲ ਹੀ ਸਤਲੁਜ ਨਦੀ ਹੈ। ਇਸ ਨਦੀ ਵਿੱਚ ਡੁਬਕੀ ਲਗਾਉਣਾ ਸ਼ਰਧਾ ਨਾਲ ਜੁੜਿਆ ਹੈ। ਤਰਨਤਾਰਨ ਦੇ ਰਹਿਣ ਵਾਲੇ ਸੰਦੀਪ ਸਿੰਘ ਅਤੇ ਉਸ ਦੇ ਭਤੀਜੇ ਸਾਜਨ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ। ਇਸ ਤੋਂ ਬਾਅਦ ਦੋਵੇਂ ਸਤਲੁਜ ਨਦੀ ਵਿੱਚ ਡੁਬਕੀ ਲਗਾਉਣ ਪਹੁੰਚੇ।
ਇਥੇ ਪਾਣੀ ਦਾ ਵਹਾਅ ਜਿਆਦਾ ਤੇਜ ਹੋਣ ਦੀ ਵਜ੍ਹਾ ਕਰਕੇ ਦੋਵੇਂ ਡੁੱਬ ਗਏ। ਹੋਰ ਸੰਗਤ ਨੇ ਜਦੋਂ ਡੁੱਬਦੇ ਦੇਖਿਆ ਤਾਂ ਨੇੜੇ ਹੀ ਸਥਿਤ ਬੀਐਸਐਫ ਤੋਂ ਮਦਦ ਦੀ ਗੁਹਾਰ ਲਗਾਈ। ਸੀਮਾ ਸੁਰੱਖਿਆ ਬਲ ਦੀ ਬਚਾਅ ਟੀਮ ਮੌਕੇ ਉੱਤੇ ਪਹੁੰਚੀ। ਉਨ੍ਹਾਂ ਨੇ ਨਦੀ ਵਿੱਚ ਛਲਾਂਗ ਲਗਾਈ। ਲੱਗਭੱਗ ਦੋ ਘੰਟਿਆ ਤੱਕ ਰਾਹਤ ਦੇ ਕਾਰਜ ਨੂੰ ਜਾਰੀ ਰੱਖਿਆ ਲੇਕਿਨ ਖਬਰ ਲਿਖਣ ਤੱਕ ਦੋਵੇਂ ਨਹੀਂ ਮਿਲੇ। ਪ੍ਰਸ਼ਾਸਨ ਦੋਵਾਂ ਦੀ ਤਲਾਸ਼ ਵਿੱਚ ਜੁਟਿਆ ਹੈ। ਉੱਧਰ ਪਰਵਾਰਿਕ ਮੈਂਬਰਾਂ ਵਿੱਚ ਸੋਗ ਛਾ ਗਿਆ ਹੈ।