ਪੰਜਾਬ ਦੇ ਜਿਲ੍ਹਾ ਬਠਿੰਡਾ ਵਿੱਚ ਹਨੂਮਾਨ ਚੌਕ ਤੇ ਸਥਿਤ ਹੋਟਲ ਫਾਇਵ ਰਿਵਰ ਵਿੱਚੋਂ 42 ਲੱਖ ਰੁਪਏ ਦੀ ਵੱਡੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਸ਼ਨੀਵਾਰ ਸਵੇਰੇ ਕਰੀਬ 4: 30 ਵਜੇ ਅੰਜਾਮ ਦਿੱਤਾ ਗਿਆ ਹੈ। ਇਲਜ਼ਾਮ ਪੁਲਿਸ ਦੀ ਵਰਦੀਧਾਰੀ ਦੋ ਲੋਕਾਂ ਉੱਤੇ ਲੱਗੇ ਹਨ। ਉਨ੍ਹਾਂ ਦੇ ਨਾਲ ਸਿਵਲ ਡਰਿਸ ਦੇ ਵਿੱਚ 2 ਹੋਰ ਲੋਕ ਵੀ ਸ਼ਾਮਲ ਸਨ। ਵਾਰਦਾਤ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ। ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ ਹੈ। ਜਿਸ ਦੀ ਜਾਂਚ ਪੜਤਾਲ ਅਜੇ ਜਾਰੀ ਹੈ।
ਨੌਜਵਾਨ ਨੂੰ ਵੀ ਨਾਲ ਲੈ ਗਏ ਬਦਮਾਸ਼
ਇਸ ਸਬੰਧੀ ਪੁਲਿਸ ਨੂੰ ਦਿੱਤੀ ਜਾਣਕਾਰੀ ਵਿੱਚ ਪਟਿਆਲਾ ਵਾਸੀ ਗੁਰਪ੍ਰੀਤ ਸਿੰਘ ਫਰੀਦਕੋਟ ਵਾਸੀ ਵਰਿੰਦਰ ਸਿੰਘ ਅਤੇ ਲੁਧਿਆਣਾ ਵਾਸੀ ਨਿਸ਼ਾਨ ਸਿੰਘ ਨੇ ਦੱਸਿਆ ਹੈ ਕਿ ਉਹ ਹੋਟਲ ਦੇ ਕਮਰੇ ਨੰਬਰ 203 ਅਤੇ 204 ਵਿੱਚ ਠਹਿਰੇ ਹੋਏ ਸਨ। ਉਨ੍ਹਾਂ ਦੇ ਕੋਲ 42 ਲੱਖ ਰੁਪਏ ਦੀ ਨਕਦੀ ਸੀ ਜੋ ਉਨ੍ਹਾਂ ਨੇ ਜੈਪੁਰ ਦੇ ਇੱਕ ਸ਼ਖਸ ਨੂੰ ਦੇਣੀ ਸੀ। ਰਾਤ ਨੂੰ ਚਾਰ ਲੋਕ ਆਏ ਜਿਨ੍ਹਾਂ ਵਿਚੋਂ 2 ਜਾਣਿਆ ਨੇ ਪੁਲਿਸ ਦੀ ਵਰਦੀ ਪਹਿਨੀ ਹੋਈ ਸੀ। ਉਨ੍ਹਾਂ ਨੇ ਉਨ੍ਹਾਂ ਤੋਂ ਪੈਸੇ ਲਏ ਅਤੇ ਦੋਵਾਂ ਨੂੰ ਆਪਣੇ ਨਾਲ ਲੈ ਗਏ। ਕੁਝ ਦੂਰ ਜਾਣ ਤੋਂ ਬਾਅਦ ਮਲੋਟ ਰੋਡ ਉੱਤੇ ਉਹ ਦੋਵਾਂ ਨੂੰ ਗੱਡੀ ਤੋਂ ਉਤਾਰ ਕੇ ਫਰਾਰ ਹੋ ਗਏ।
ਇਨ੍ਹਾਂ ਨੌਜਵਾਨਾਂ ਨੇ ਵਿਦੇਸ਼ ਭੇਜਣੇ ਸਨ ਪੈਸੇ
ਇਸ ਮਾਮਲੇ ਸਬੰਧੀ ਥਾਣਾ ਸਿਵਲ ਲਾਈਨ ਦੇ ਇੰਨਚਾਰਜ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਹੋਟਲ ਵਿੱਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਪਟਿਆਲਾ ਅਤੇ ਫਰੀਦਕੋਟ ਦੇ 2 ਨੌਜਵਾਨ ਹੋਟਲ ਵਿੱਚ ਠਹਿਰੇ ਸਨ। ਉਨ੍ਹਾਂ ਦੇ ਨਾਲ ਇੱਕ ਏਜੰਟ ਵੀ ਸੀ। ਉਨ੍ਹਾਂ ਨੇ ਪੈਸੇ ਜੈਪੁਰ ਦੇ ਇੱਕ ਨੌਜਵਾਨ ਨੂੰ ਦੇਣੇ ਸਨ। ਜੋ ਕੈਨੇਡਾ ਜਾਣ ਵਾਲਾ ਸੀ। ਉਹ ਪੈਸੇ ਕੈਨੇਡਾ ਵਿੱਚ ਕਿਸੇ ਨੂੰ ਸੌਂਪੇ ਜਾਣੇ ਸੀ। ਲੇਕਿਨ ਕਿਸੇ ਕਾਰਨ ਕਰਕੇ ਨੌਜਵਾਨ ਕੈਨੇਡਾ ਜਾ ਨਹੀਂ ਸਕਿਆ। ਹੋਟਲ ਵਿੱਚ ਠਹਿਰੇ ਨੌਜਵਾਨਾਂ ਦੇ ਨਾਲ ਵਾਰਦਾਤ ਹੋ ਗਈ।
ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋਈਆਂ ਤਸਵੀਰਾਂ
ਉਨ੍ਹਾਂ ਦੱਸਿਆ ਕਿ ਹੋਟਲ ਵਿੱਚ ਲੱਗੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਅਜੇ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਹਾਲਾਂਕਿ ਦੋਸ਼ੀ ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਹੇ ਹਨ ਲੇਕਿਨ ਚਿਹਰੇ ਦੇਖਕੇ ਉਨ੍ਹਾਂ ਦੀ ਸ਼ਿਨਾਖਤ ਨਹੀਂ ਹੋ ਪਾ ਰਹੀ। ਪੈਸੇ ਕਿੰਨੇ ਸਨ ਅਜੇ ਇਹ ਵੀ ਕਨਫਰਮ ਨਹੀਂ ਕੀਤਾ ਜਾ ਸਕਦਾ। ਲੇਕਿਨ ਦੋਵਾਂ ਨੌਜਵਾਨਾਂ ਨੇ 42 ਲੱਖ ਰੁਪਏ ਦੀ ਰਾਸ਼ੀ ਦੱਸੀ ਹੈ। ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਲਦੀ ਹੀ ਵਾਰਦਾਤ ਦਾ ਪਰਦਾਫਾਸ਼ ਕੀਤਾ ਜਾਵੇਗਾ।