ਇਹ ਮੰਦਭਾਗੀ ਖ਼ਬਰ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ। ਜਿਲ੍ਹਾ ਗੁਰਦਾਸਪੁਰ ਦੇ ਪਿੰਡ ਖਹਿਰਾ ਕਲਾਂ ਦੇ ਵਿੱਚ ਅਚਾਨਕ ਉਸ ਸਮੇਂ ਸਨਸਨੀ ਫੈਲ ਗਈ ਜਦੋਂ 50 ਸਾਲ ਦਾ ਪ੍ਰਭਦਿਆਲ ਸਿੰਘ ਦੀ ਲਾਸ਼ ਆਪਣੇ ਹੀ ਘਰ ਦੇ ਬਾਹਰ ਛੱਪੜ ਵਿੱਚੋਂ ਬਰਾਮਦ ਹੋਣ ਦੀ ਸੂਚਨਾ ਮਿਲੀ। ਮ੍ਰਿਤਕ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਉਸ ਦੀ ਧੀ ਨੇ ਦਿੱਤੀ ਸੀ ਜਿਸ ਦੇ ਆਧਾਰ ਉੱਤੇ ਪੁਲਿਸ ਉਸ ਲਾਪਤਾ ਦੀ ਭਾਲ ਕਰ ਰਹੀ ਸੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਉਸ ਦਾ ਭਰਾ ਬੀਤੇ 2 ਦਿਨ ਪਹਿਲਾਂ ਮੰਡੀ ਦੇ ਵਿੱਚ ਕਣਕ ਵੇਚਣ ਤੋਂ ਬਾਅਦ ਰਾਤ ਨੂੰ ਕਰੀਬ 11 ਕੁ ਵਜੇ ਆਪਣੇ ਘਰ ਆਇਆ ਸੀ। ਉਹ ਆਪਣੀ ਧੀ ਨੂੰ ਖਾਣਾ ਬਣਾਉਣ ਲਈ ਕਹਿ ਕੇ ਘਰ ਦੇ ਬਾਹਰ ਖੜ੍ਹੇ ਆਪਣੇ ਟਰੈਕਟਰ ਉੱਤੇ ਚੱਲ ਰਿਹਾ ਸਪੀਕਰ ਨੂੰ ਬੰਦ ਕਰਨ ਗਿਆ ਸੀ। ਪਰ ਵਾਪਸ ਨਹੀਂ ਆਇਆ। ਪ੍ਰਭ ਦਿਆਲ ਸਿੰਘ ਦੀ ਧੀ ਨੇ ਸਵੇਰੇ ਹੁੰਦੇ ਸਾਰ ਪਿੰਡ ਦੀ ਪੁਲਿਸ ਚੌਕੀ ਵਿੱਚ ਪਿਤਾ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ।
ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਪੁਲਿਸ ਨੇ ਘਰ ਦੇ ਹੀ ਬਾਹਰ ਛੱਪੜ ਵਿੱਚੋਂ ਮ੍ਰਿਤਕ ਪ੍ਰਭ ਦਿਆਲ ਸਿੰਘ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੇ ਭਰਾ ਨੇ ਗੁਆਂਢ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਸਦੇ ਭਰਾ ਦਾ ਇਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਹੈ। ਅੱਜ ਤੋਂ 3- 4 ਮਹੀਨੇ ਪਹਿਲਾਂ ਇਨ੍ਹਾਂ ਦਾ ਉਨ੍ਹਾਂ ਦੇ ਨਾਲ ਝਗੜਾ ਹੋਇਆ ਸੀ ਜਿਸ ਦੀ ਉਨ੍ਹਾਂ ਨੇ ਸ਼ਿਕਾਇਤ ਦਰਜ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਇੰਨਸਾਫ ਦਿੱਤਾ ਜਾਵੇ ਅਤੇ ਉਸਦੇ ਭਰਾ ਦੇ ਕਾਤਲਾਂ ਨੂੰ ਫੜਿਆ ਜਾਵੇ।