ਇਹ ਖਬਰ ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਤਰਨਤਾਰਨ ਤੋਂ ਸਾਹਮਣੇ ਆਈ ਹੈ। ਤਰਨਤਾਰਨ ਦੇ ਵਿੱਚ ਅੱਜ ਦੁਪਹਿਰ ਮੋਟਰਸਾਇਕਲ ਉੱਤੇ ਸਵਾਰ 3 ਲੁਟੇਰਿਆਂ ਨੇ ਰੇਲਵੇ ਰੋਡ ਉੱਤੇ ਜਵੇਲਰ ਦੀ ਦੁਕਾਨ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਦੁਕਾਨਦਾਰ ਦੀ ਬਹਾਦਰੀ ਅਤੇ ਫੁਰਤੀ ਦੇ ਕਾਰਨ ਲੁਟੇਰੇ ਆਪਣੀ ਯੋਜਨਾ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਇਹ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਲਈ ਲਿਆਏ ਆਪਣਾ ਪਿਸਟਲ ਵੀ ਦੁਕਾਨ ਵਿੱਚ ਸੁੱਟ ਕੇ ਭੱਜ ਗਏ।
ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਅੰਸ਼ਦੀਪ ਜਵੈਲਰ ਦਾ ਮਾਲਿਕ ਗੁਰਮੇਜ ਸਿੰਘ ਸੋਮਵਾਰ ਨੂੰ ਰੇਲਵੇ ਰੋਡ ਤੇ ਸਥਿਤ ਆਪਣੀ ਦੁਕਾਨ ਵਿੱਚ ਬੈਠਾ ਸੀ। ਦੁਪਹਿਰ ਦੇ ਕਰੀਬ 2 ਵ. 15 ਵਜੇ ਇੱਕ ਨੌਜਵਾਨ ਮੋਟਰਸਾਇਕਲ ਉੱਤੇ ਦੁਕਾਨ ਵਿੱਚ ਆਇਆ ਅਤੇ ਕੁਝ ਸਾਮਾਨ ਖ੍ਰੀਦਣ ਦੀ ਗੱਲ ਕਰਨ ਲੱਗਿਆ। ਇਸ ਦੌਰਾਨ 2 ਹੋਰ ਨੌਜਵਾਨ ਦੁਕਾਨ ਵਿੱਚ ਵੜਣ ਲੱਗੇ ਤਾਂ ਦੁਕਾਨਦਾਰ ਗੁਰਮੇਜ ਸਿੰਘ ਨੇ ਲੁਟੇਰਿਆਂ ਨੂੰ ਪਹਿਚਾਣ ਲਿਆ। ਲੁਟੇਰੇ ਨੇ ਪਿਸਟਲ ਕੱਢ ਕੇ ਦੁਕਾਨਦਾਰ ਨੂੰ ਦਿਖਾਇਆ ਤਾਂ ਦੁਕਾਨਦਾਰ ਨੇ ਬਹਾਦਰੀ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ।
ਇਸ ਹੱਥੋਪਾਈ ਦੇ ਦੌਰਾਨ ਲੁਟੇਰਿਆਂ ਨੇ ਦੁਕਾਨਦਾਰ ਦੀ ਪੱਗ ਵੀ ਉਤਾਰ ਦਿੱਤੀ ਅਤੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤਾ ਜੋ ਨਹੀਂ ਚੱਲੀ। ਦੁਕਾਨਦਾਰ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਲੁਟੇਰੇ ਪਿਸਟਲ ਸੁੱਟ ਕੇ ਫਰਾਰ ਹੋ ਗਏ। ਦੁਕਾਨਦਾਰ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਲੁਟੇਰਿਆਂ ਉੱਤੇ ਫਾਇਰਿੰਗ ਵੀ ਕੀਤੀ ਲੇਕਿਨ ਲੁਟੇਰੇ ਭੱਜ ਗਏ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਿਟੀ ਤਰਨਤਾਰਨ ਥਾਣਾ ਦੇ ਏ. ਐੱਸ. ਆਈ. ਮਨਜੀਤ ਸਿੰਘ ਅਤੇ ਏ. ਐੱਸ. ਆਈ. ਵਿਪਨ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਟੀਮ ਮੌਕੇ ਉੱਤੇ ਪਹੁੰਚ ਗਈ। ਪੁਲਿਸ ਘਟਨਾ ਦੀ ਜਾਂਚ ਪੜਤਾਲ ਕਰ ਰਹੀ ਹੈ। ਪੁਲਿਸ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲ ਰਹੀ ਹੈ ਅਤੇ ਸ਼ਹਿਰ ਦੇ ਚੌਕਾਂ ਉੱਤੇ ਕੜੀ ਜਾਂਚ ਕਰ ਰਹੀ ਹੈ।
ਇਥੇ ਧਿਆਨ ਯੋਗ ਗੱਲ ਹੈ ਕਿ ਤਰਨਤਾਰਨ ਵਿਚ ਆਏ ਦਿਨਾਂ ਵਿੱਚ ਲੁਟੇਰਿਆਂ ਦੁਆਰਾ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਦੇ ਨਾਲ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਦੇਖਣਾ ਹੋਵੇਗਾ ਕਿ ਤਰਨਤਾਰਨ ਪੁਲਿਸ ਕਦੋਂ ਤੱਕ ਇਨ੍ਹਾਂ ਲੁਟੇਰਿਆਂ ਨੂੰ ਫੜ ਲੈਂਦੀ ਹੈ।