ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਕਸਬਾ ਡੇਹਲੋਂ ਦੇ ਪਿੰਡ ਜਗੇੜਾ ਵਿੱਚ ਇੱਕ ਫਾਰਚਿਊਨਰ ਗੱਡੀ ਨਹਿਰ ਵਿੱਚ ਡਿੱਗ ਪਈ। ਇਸ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸਾ ਸੋਮਵਾਰ ਦੀ ਦੇਰ ਰਾਤ ਕਰੀਬ 12 ਵਜੇ ਹੋਇਆ। ਗੱਡੀ ਦਾ ਸੰਤੁਲਨ ਵਿਗੜਨ ਦੇ ਕਾਰਨ ਨਹਿਰ ਵਿੱਚ ਜਾ ਡਿੱਗੀ। ਕਾਫ਼ੀ ਦੇਰ ਤੱਕ ਤਾਂ ਇਸ ਹਾਦਸੇ ਦਾ ਕਿਸੇ ਨੂੰ ਪਤਾ ਨਹੀਂ ਚੱਲਿਆ। ਇੱਕ ਰਾਹਗੀਰ ਨੇ ਕਾਰ ਨੂੰ ਨਹਿਰ ਵਿੱਚ ਡੁੱਬੀ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਥਾਣਾ ਮਲੌਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਨੂੰ ਨਹਿਰ ਵਿਚੋਂ ਕੱਢਵਾਇਆ। ਉਥੇ ਹੀ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਪਹਿਚਾਣ ਕੁਲਦੀਪ ਸਿੰਘ ਉਮਰ 45 ਸਾਲ ਜਗਦੀਪ ਸਿੰਘ ਉਮਰ 35 ਸਾਲ ਜਤਿੰਦਰ ਸਿੰਘ ਉਮਰ 40 ਸਾਲ ਜਗਤਾਰ ਸਿੰਘ ਉਮਰ 45 ਸਾਲ ਭਜਨ ਸਿੰਘ ਉਮਰ 42 ਸਾਲ ਦੇ ਰੂਪ ਵਿੱਚ ਹੋਈ ਹੈ।
ਤਕਰੀਬਨ 2 ਘੰਟੇ ਪਾਣੀ ਵਿੱਚ ਡੁੱਬੀ ਰਹੀ ਕਾਰ
ਇਸ ਘਟਨਾ ਬਾਰੇ ਮ੍ਰਿਤਕ ਜਤਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਸਨਮਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਮਿਲਣ ਤੇ ਕਰੀਬ 2 ਘੰਟੇ ਤੱਕ ਕੋਈ ਪੁਲਿਸ ਕਰਮਚਾਰੀ ਮਦਦ ਲਈ ਨਹੀਂ ਆਇਆ। ਗੱਡੀ ਚਾਰੇ ਪਾਸਿਓਂ ਬੰਦ ਸੀ ਜਿਸ ਕਾਰਨ ਪੰਜੇ ਲੋਕਾਂ ਦਾ ਦਮ ਘੁਟ ਗਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ 6 ਲੋਕ ਸਨ। ਜੋ ਵਿਅਕਤੀ ਬਚਿਆ ਹੈ। ਉਸ ਦਾ ਨਾਮ ਸਨੀ ਦੱਸਿਆ ਜਾ ਰਿਹਾ ਹੈ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਅਜੇ 4 ਦਿਨ ਪਹਿਲਾਂ ਕੈਨੇਡਾ ਤੋਂ ਆਇਆ ਸੀ ਜਤਿੰਦਰ
ਅੱਗੇ ਸਨਮਦੀਪ ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ ਹੈਪੀ 4 ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ। ਸੋਮਵਾਰ ਰਾਤ ਉਹ ਆਸਪਾਸ ਦੇ ਪਿੰਡਾਂ ਦੇ ਕੁੱਝ ਨੌਜਵਾਨਾ, ਜੋ ਉਸਦੇ ਦੋਸਤੇ ਸਨ ਦੇ ਨਾਲ ਕਿਸੇ ਸਮਾਰੋਹ ਤੋਂ ਵਾਪਸ ਆ ਰਿਹਾ ਸੀ। ਜਤਿੰਦਰ ਸਿੰਘ ਕੈਨੇਡਾ ਵਿੱਚ ਟਰਾਲਾ ਚਲਾਉਂਦਾ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ।
ਤੇਜ ਰਫਤਾਰ ਸੀ ਗੱਡੀ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਾਰਚਿਊਨਰ ਗੱਡੀ ਦੀ ਰਫਤਾਰ ਖਾਲੀ ਸੜਕ ਹੋਣ ਦੇ ਕਾਰਨ ਬਹੁਤ ਤੇਜ ਰੱਖੀ ਹੋਈ ਸੀ ਲੇਕਿਨ ਸੰਤੁਲਨ ਵਿਗੜਨ ਦੇ ਕਾਰਨ ਕਾਰ ਇੱਕ ਦੀਵਾਰ ਵਿੱਚ ਲੱਗਦੀ ਹੋਈ ਸਿੱਧੀ ਨਹਿਰ ਵਿੱਚ ਜਾ ਡਿੱਗੀ। ਲਾਸ਼ਾਂ ਤਕਰੀਬਨ 2 ਘੰਟੇ ਪਾਣੀ ਵਿੱਚ ਰਹਿਣ ਕਾਰਨ ਫੁਲ ਚੁੱਕੀਆਂ ਸਨ।