ਇਹ ਮੰਦਭਾਗੀ ਖਬਰ ਪੰਜਾਬ ਦੇ ਅਬੋਹਰ ਤੋਂ ਹੈ। ਅਬੋਹਰ ਵਿੱਚ ਮਲੋਟ ਰੋਡ ਉੱਤੇ ਇੱਕ ਟੈਂਕਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਮਾਂ, ਪੁੱਤਰ ਅਤੇ ਇੱਕ ਹੋਰ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਟੈਂਕਰ ਡਰਾਈਵਰ ਫਰਾਰ ਹੋ ਗਿਆ। ਤਿੰਨਾਂ ਮ੍ਰਿਤਕਾ ਦੀਆਂ ਲਾਸ਼ਾਂ ਨੂੰ ਅਬੋਹਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਲਾਸ਼ਾਂ ਦਾ ਪੋਸਟਮਾਰਟਮ ਹੋਵੇਗਾ। ਪੁਲਿਸ ਛਾਨਬੀਣ ਦੇ ਵਿੱਚ ਲੱਗੀ ਹੋਈ ਹੈ।
ਮੋਟਰਸਾਇਕਲ ਨੂੰ ਪਿੱਛੇ ਤੋਂ ਮਾਰੀ ਟੱਕਰ
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਰਾਜਸਥਾਨ ਦੇ ਹਨੂਮਾਨਗੜ੍ਹ ਤੋਂ ਮਹਿਲਾ ਪੂਜਾ ਆਪਣੇ ਪੁੱਤਰ ਨਵੀਨ ਅਤੇ ਰਿਸ਼ਤੇਦਾਰ ਮਹਿੰਦਰ ਕੁਮਾਰ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋਕੇ ਮਲੋਟ ਜਾ ਰਹੇ ਸਨ। ਮੋਦੀ ਪੈਟਰੋਲ ਪੰਪ ਦੇ ਕੋਲ ਪਹੁੰਚੇ ਤਾਂ ਪਿੱਛੇ ਤੋਂ ਆਏ ਇੱਕ ਡੀਜਲ ਟੈਂਕਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਸਵਾਰ ਤਿੰਨੇ ਜਾਣੇ ਸੜਕ ਉੱਤੇ ਡਿੱਗ ਪਏ। ਇਸ ਤੋਂ ਬਾਅਦ ਡਰਾਈਵਰ ਟੈਂਕਰ ਨੂੰ ਕੁਝ ਅੱਗੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਪਰਿਵਾਰਕ ਮੈਂਬਰਾਂ ਨੂੰ ਦਿੱਤੀ ਸੂਚਨਾ
ਇਸ ਹਾਦਸੇ ਤੋਂ ਬਾਅਦ ਆਸਪਾਸ ਦੇ ਲੋਕਾਂ ਦੀ ਮੌਕੇ ਤੇ ਭੀੜ ਲੱਗ ਗਈ। ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਸੜਕ ਉੱਤੇ ਡਿੱਗੇ ਤਿੰਨੇ ਲੋਕਾਂ ਨੂੰ ਹਸਪਤਾਲ ਲਜਾਇਆ ਜਾਂਦਾ ਉਨ੍ਹਾਂ ਦੀ ਮੌਤ ਹੋ ਗਈ। ਇਸ ਵਿੱਚ ਨਰਸੇਵਾ ਨਰਾਇਣ ਸੇਵਾ ਕਮੇਟੀ ਦੇ ਕਰਮਚਾਰੀ ਮੌਕੇ ਉੱਤੇ ਪਹੁੰਚੇ ਅਤੇ ਤਿੰਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੀ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਹਾਦਸੇ ਵਾਲੀ ਥਾਂ ਉੱਤੇ ਪਹੁੰਚੀ ਅਤੇ ਛਾਨਬੀਣ ਸ਼ੁਰੂ ਕੀਤੀ। ਤਿੰਨਾਂ ਲਾਸ਼ਾਂ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੀ ਮੌਤ ਦੀ ਸੂਚਨਾ ਦੇ ਦਿੱਤੀ ਗਈ। ਪੁਲਿਸ ਪਰਿਵਾਰ ਵਾਲਿਆਂ ਦੇ ਆਉਣ ਤੋਂ ਬਾਅਦ ਉਨ੍ਹਾਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਕਰੇਗੀ। ਫਿਲਹਾਲ ਪੁਲਿਸ ਡੀਜਲ ਟੈਂਕਰ ਦੇ ਡਰਾਈਵਰ ਦਾ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ।