ਪੰਜਾਬ ਵਿਚ ਜਿਲ੍ਹਾ ਫਿਰੋਜਪੁਰ ਦੇ ਬਲਾਕ ਮਮਦੋਟ ਦੇ ਪਿੰਡ ਟਿੱਬੀ ਖੁਰਦ ਸਥਿਤ ਦਾਣਾ ਮੰਡੀ ਵਿੱਚ ਵੀਰਵਾਰ ਸਵੇਰੇ ਲੇਬਰ ਦੇ ਦੋ ਗੁਟਾਂ ਵਿੱਚ ਜਗ੍ਹਾ ਨੂੰ ਲੈ ਕੇ ਹੋਏ ਇਕ ਝਗੜੇ ਵਿੱਚ ਗੋਲੀ ਚਲਣ ਨਾਲ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਜਦੋਂ ਕਿ ਇੱਕ ਵਿਅਕਤੀ ਜਖਮੀ ਹੋ ਗਿਆ। ਕਿਸਾਨ ਉੱਥੇ ਦੋ ਆੜਤੀਆਂ ਦੀ ਲੇਬਰ ਦੇ ਵਿੱਚ ਚੱਲ ਰਿਹਾ ਝਗੜਾ ਦੇਖ ਰਿਹਾ ਸੀ। ਗੋਲੀ ਦੇ ਚਲਦਿਆਂ ਹੀ ਮੰਡੀ ਵਿੱਚ ਹਫੜਾ ਦਫ਼ੜੀ ਮੱਚ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਵਾਰਦਾਤ ਵਾਲੀ ਥਾਂ ਉੱਤੇ ਪਹੁੰਚੀ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਦੋਸ਼ੀ ਇਸ ਵਾਰਦਾਤ ਨੂੰ ਅੰਜਾਮ ਦੇਕੇ ਉੱਥੋਂ ਫਰਾਰ ਹੋ ਗਏ।
ਇਸ ਸਬੰਧੀ ਮੌਕੇ ਦੇ ਗਵਾਹਾਂ ਨੇ ਦੱਸਿਆ ਹੈ ਕਿ ਪਿੰਡ ਟਿੱਬੀ ਖੁਰਦ ਦਾਣਾ ਮੰਡੀ ਵਿੱਚ ਲੇਬਰ ਦੇ ਦੋ ਗੁਟਾਂ ਵਿੱਚ ਜਗ੍ਹਾ ਨੂੰ ਲੈ ਕੇ ਝਗੜਾ ਹੋ ਰਿਹਾ ਸੀ। ਇਸ ਗੱਲ ਨੂੰ ਲੈ ਕੇ ਬੁੱਧਵਾਰ ਨੂੰ ਵੀ ਮੰਡੀ ਵਿੱਚ ਮਾਹੌਲ ਕਾਫ਼ੀ ਗਰਮ ਸੀ। ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਵੀਰਵਾਰ ਸਵੇਰੇ ਸਾਰੇ ਲੋਕ ਦਾਣਾ ਮੰਡੀ ਵਿੱਚ ਇਕੱਠੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਲੇਬਰ ਦੋ ਆੜਤੀਆਂ ਦੀ ਸੀ। ਜਿਵੇਂ ਹੀ ਮਾਮਲੇ ਨੂੰ ਸੁਲਝਾਉਣ ਲਈ ਲੋਕ ਇੱਕਠੇ ਹੋਏ ਤਾਂ ਇੱਕ ਆੜਤੀਏ ਦੇ ਬੇਟੇ ਨੇ ਉੱਥੇ ਪਹੁੰਚ ਕੇ ਗੋਲੀ ਚਲਾ ਦਿੱਤੀ ਜੋ ਉੱਥੇ ਖੜੇ ਕਿਸਾਨ ਕ੍ਰਿਪਾਲ ਸਿੰਘ ਵਾਸੀ ਪਿੰਡ ਜੋਧਪੁਰ (ਮਮਦੋਟ ) ਦੇ ਸੀਨੇ ਵਿੱਚ ਜਾ ਲੱਗੀ।
ਇਸ ਵਾਰਦਾਤ ਵਿੱਚ ਇੱਕ ਵਿਅਕਤੀ ਜਖਮੀ ਹੋ ਗਿਆ। ਦੋਵਾਂ ਜਖਮੀਆਂ ਨੂੰ ਫਿਰੋਜਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਇਲਾਜ ਦੇ ਦੌਰਾਨ ਕਿਸਾਨ ਕ੍ਰਿਪਾਲ ਸਿੰਘ ਦੀ ਮੌਤ ਹੋ ਗਈ। ਜਦੋਂ ਕਿ ਜਖਮੀ ਗੁਲਸਨ ਦਾ ਇਲਾਜ ਚੱਲ ਰਿਹਾ ਹੈ। ਦਾਣਾ ਮੰਡੀ ਵਿੱਚ ਗੋਲੀ ਚਲਦਿਆਂ ਹੀ ਉੱਥੇ ਭਾਜੜ ਮੱਚ ਗਈ। ਮੰਡੀ ਦੇ ਲੋਕਾਂ ਨੇ ਦੱਸਿਆ ਕਿ ਦੋ ਆੜਤੀਆਂ ਦੀ ਲੇਬਰ ਦੇ ਵਿੱਚ ਚੱਲ ਰਹੇ ਰੌਲੇ ਨੂੰ ਕਿਸਾਨ ਕਿਰਪਾਲ ਉੱਥੇ ਖਡ਼ਾ ਦੇਖ ਰਿਹਾ ਸੀ। ਅਚਾਨਕ ਹੀ ਗੋਲੀ ਚੱਲੀ ਅਤੇ ਉਸਦੇ ਸੀਨੇ ਵਿੱਚ ਜਾਕੇ ਲੱਗ ਗਈ।
ਇਸ ਮਾਮਲੇ ਸਬੰਧੀ ਡੀਐਸਪੀ ਯਾਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਟਿੱਬੀ ਖੁਰਦ ਦਾਣਾ ਮੰਡੀ ਵਿੱਚ ਗੋਲੀ ਚਲਣ ਨਾਲ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਇੱਕ ਸਵਾਲ ਦੇ ਜਵਾਬ ਵਿੱਚ ਡੀਐਸਪੀ ਨੇ ਕਿਹਾ ਕਿ ਕਿਸ ਗੱਲ ਦਾ ਝਗੜਾ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਜਾਵੇਗਾ।