ਇਹ ਖ਼ਬਰ ਪੰਜਾਬ ਦੇ ਜਿਲ੍ਹਾ ਪਟਿਆਲਾ ਤੋਂ ਹੈ। ਇਥੇ ਨਾਭਾ ਦੇ ਇਲਾਕੇ ਵਿਚ ਸਹੁਰੇ ਪਰਿਵਾਰ ਵਾਲਿਆਂ ਤੋਂ ਦੁਖੀ ਹੋਕੇ ਤਿੰਨ ਬੱਚੀਆਂ ਦੀ ਮਾਂ ਨੇ ਪੱਖੇ ਨਾਲ ਲਮਕ ਕੇ ਖੁਦਕਸ਼ੀ ਕਰ ਲਈ ਹੈ। ਗੁਰਮੀਤ ਕੌਰ ਪੁਤਰੀ ਗੱਜਨ ਸਿੰਘ ਉਮਰ 28 ਸਾਲ ਵਾਸੀ ਪਿੰਡ ਮੈਹਸ ਨੇ ਆਪਣੇ ਪੇਕੇ ਘਰ ਵਿੱਚ ਪੱਖੇ ਨਾਲ ਲਮਕ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮ੍ਰਿਤਕਾ ਦੇ ਭਰਾ ਬਿੱਟੂ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਭੈਣ ਦਾ ਵਿਆਹ ਗੁਰਜੀਤ ਸਿੰਘ ਵਾਸੀ ਪਿੰਡ ਲਾਡਪੁਰ ਤੋਰਾਂ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਨਾਲ ਹੋਇਆ ਸੀ ਜਿਨ੍ਹਾਂ ਦੇ ਦੋ ਧੀਆਂ ਅਤੇ ਇੱਕ ਪੁੱਤਰ ਹੈ। ਉਸ ਦੀ ਭੈਣ ਨੂੰ ਸਹੁਰੇ ਘਰ ਵਾਲਿਆਂ ਵਲੋਂ ਪਿਛਲੇ ਕਰੀਬ ਇੱਕ ਸਾਲ ਤੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਤਿੰਨ ਮਹੀਨੇ ਪਹਿਲਾਂ ਉਸ ਦੀ ਭੈਣ ਨੂੰ ਸਹੁਰੇ ਘਰ ਵਾਲਿਆਂ ਨੇ ਕੁੱਟਮਾਰ ਕਰਦੇ ਹੋਏ ਪਿੰਡ ਮੈਹਸ ਭੇਜ ਦਿੱਤਾ ਸੀ। ਉਹ ਲੋਕ ਕੁੜੀ ਬਸਾਉਣ ਲਈ ਕਰੀਬ 15 ਦਿਨ ਪਹਿਲਾਂ ਪੰਚਾਇਤ ਦੇ ਨਾਲ ਉਸ ਦੇ ਸਹੁਰੇ ਘਰ ਗਏ ਸਨ ਜਿੱਥੇ ਉਸ ਨਾਲ ਕੁੱਟਮਾਰ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਸ ਦੀ ਭੈਣ ਕਾਫ਼ੀ ਪ੍ਰੇਸ਼ਾਨ ਰਹਿਣ ਲੱਗੀ ਸੀ। ਦੂਜਾ ਬੱਚੇ ਵੀ ਆਪਣੇ ਪਿਤਾ ਦੇ ਕੋਲ ਰਹਿੰਦੇ ਸਨ। ਗੁਜ਼ਰੇ ਦਿਨ ਵੀ ਉਸ ਦੇ ਪਤੀ ਨੇ ਉਸ ਨੂੰ ਕੁੱਝ ਸੁਨੇਹੇ ਭੇਜੇ ਸਨ ਜਿਸ ਦੇ ਕਾਰਨ ਉਹ ਹੋਰ ਵੀ ਪ੍ਰੇਸ਼ਾਨ ਹੋ ਗਈ ਅਤੇ ਕਰੀਬ ਸਾਢੇ ਚਾਰ ਵਜੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਸੜਕ ਉੱਤੇ ਰੱਖ ਕੇ ਰੋਸ਼ ਮੁਜਾਹਰਾ ਵੀ ਕੀਤਾ।
ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਇੰਚਾਰਜ ਐਸਐਚਓ ਲਾਲ ਚੰਦ ਨੇ ਕਿਹਾ ਕਿ ਪੁਲਿਸ ਨੇ ਦੋਸ਼ੀ ਗੁਰਜੀਤ ਸਿੰਘ ਸੱਸ ਸ਼ਾਨੁ ਜੇਠ ਬਲਵਿਦਰ ਸਿੰਘ ਖਜਾਨ ਸਿੰਘ ਸੀਮਾ ਵਾਸੀ ਲਾਡਪੁਰ ਅਤੇ ਪਰਮਜੀਤ ਸਿੰਘ ਵਾਸੀ ਅਲਹੌਰਾਂ ਗੇਟ ਨਾਭਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।