ਇਹ ਖ਼ਬਰ ਪੰਜਾਬ ਦੇ ਤਰਨਤਾਰਨ ਤੋਂ ਸਾਹਮਣੇ ਆਈ ਹੈ। ਤਰਨਤਾਰਨ ਦੇ ਵਿਧਾਨਸਭਾ ਹਲਕਾ ਪੱਟੀ ਵਿੱਚ ਨਸ਼ੇ ਨਾਲ ਆਏ ਦਿਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਸ਼ਨੀਵਾਰ ਨੂੰ ਪਿੰਡ ਧਾਰੀਵਾਲ ਵਾਸੀ ਸ਼ਿਦਰ ਸਿੰਘ ਬੱਬੂ ਦੀ ਨਸ਼ੇ ਨਾਲ ਮੌਤ ਹੋ ਗਈ। ਇਹ ਮ੍ਰਿਤਕ ਨੌਜਵਾਨ ਪਿੱਛਲੇ ਤਿੰਨ ਸਾਲ ਤੋਂ ਨਸ਼ੇ ਕਰਨ ਦਾ ਆਦੀ ਸੀ ਅਤੇ ਦੋ ਬੇਟੀਆਂ ਦਾ ਪਿਤਾ ਸੀ। ਇਸ ਹਲਕੇ ਦੇ ਵਿੱਚ ਇੱਕ ਹਫ਼ਤੇ ਵਿੱਚ ਨਸ਼ੇ ਨਾਲ ਇਹ ਦੂਜੀ ਮੌਤ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮਾਮਲੇ ਦੇ ਸਬੰਧ ਵਿੱਚ ਪਿੰਡ ਧਾਰੀਵਾਲ ਵਾਸੀ ਗਿਆਨ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦਾ 34 ਸਾਲ ਦਾ ਪੁੱਤਰ ਸ਼ਿਦਰ ਸਿੰਘ ਮਜਦੂਰੀ ਕਰਕੇ ਆਪਣੇ ਘਰ ਨੂੰ ਚਲਾਉਂਦਾ ਸੀ। ਤਿੰਨ ਸਾਲ ਪਹਿਲਾਂ ਬੱਬੂ ਗਲਤ ਸੰਗਤ ਦਾ ਸ਼ਿਕਾਰ ਹੋਕੇ ਨਸ਼ੇ ਦਾ ਆਦੀ ਹੋ ਗਿਆ। ਉਸ ਨੂੰ ਇਲਾਜ ਦੇ ਲਈ ਦੋ ਵਾਰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਪਰ ਨਸ਼ਾ ਵੇਚਣ ਵਾਲੇ ਨੌਜਵਾਨਾਂ ਦੀ ਗਲਤ ਸੰਗਤ ਦੇ ਕਾਰਨ ਉਹ ਇਲਾਜ ਵਿਚਾਲੇ ਛੱਡ ਕੇ ਪਿੰਡ ਪਰਤ ਆਇਆ। ਗਿਆਨ ਸਿੰਘ ਦੇ ਮੁਤਾਬਕ ਸ਼ਿਦਰ ਸ਼ਨੀਵਾਰ ਸਵੇਰੇ ਨੌਂ ਵਜੇ ਘਰ ਤੋਂ ਬਾਹਰ ਗਿਆ। ਕੁੱਝ ਦੇਰ ਬਾਅਦ ਉਸ ਨੂੰ ਨਸ਼ਾ ਵੇਚਣ ਵਾਲੇ ਨੌਜਵਾਨ ਮਿਲੇ। ਉਨ੍ਹਾਂ ਨੂੰ ਮਿਲਣ ਤੋਂ ਬਾਅਦ ਬੇਟੇ ਨੇ ਘਰ ਆਕੇ ਨਸ਼ੇ ਦਾ ਟੀਕਾ ਲਗਾਇਆ ਅਤੇ ਬੇਹੋਸ਼ ਹੋ ਗਿਆ।
ਇਸ ਤੋਂ ਬਾਅਦ ਇਲਾਜ ਲਈ ਉਸ ਨੂੰ ਹਸਪਤਾਲ ਲੈ ਕੇ ਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਥਾਣਾ ਸਦਰ ਪੱਟੀ ਦੇ ਇੰਨਚਾਰਜ ਇੰਸਪੈਕਟਰ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਸ਼ਿਦਰ ਦੀ ਪਤਨੀ ਦੇ ਬਿਆਨ ਦਰਜ ਕਰਕੇ ਧਾਰਾ 174 ਦੇ ਤਹਿਤ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਦੀ ਰਿਪੋਰਟ ਆਉਣ ਤੇ ਪਤਾ ਚੱਲੇਗਾ ਕਿ ਵਿਅਕਤੀ ਦੀ ਮੌਤ ਨਸ਼ੇ ਨਾਲ ਹੋਈ ਹੈ ਜਾਂ ਕਿਸੇ ਹੋਰ ਵਜ੍ਹਾ ਦੇ ਕਾਰਨ।