ਪੰਜਾਬ ਵਿਚ ਅੰਮ੍ਰਿਤਸਰ ਦੇ ਬੀ ਡਵੀਜਨ ਥਾਣਾ ਅਧੀਨ ਆਉਂਦੇ ਇਲਾਕੇ ਦੇ ਈਸਟ ਮੋਹਨ ਨਗਰ ਵਿੱਚ ਸੋਮਵਾਰ ਨੂੰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਕਬਾੜੀਏ ਤੋਂ ਪਿਸਤੌਲ ਦਿਖਾ ਕੇ 2. 70 ਲੱਖ ਰੁਪਏ ਨਕਦੀ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਇਹ ਲੁਟੇਰੇ ਜਾਂਦੇ ਹੋਏ ਕਬਾੜੀਏ ਦੀ ਜੇਬ ਵਿਚੋਂ ਮੋਬਾਇਲ ਵੀ ਆਪਣੇ ਨਾਲ ਲੈ ਗਏ। ਇਸ ਲੁੱਟ ਦੀ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਸਾਰ ਹੀ ਡੀਸੀਪੀ ਰਛਪਾਲ ਸਿੰਘ ਏਸੀਪੀ ਅਭਿਮਨਿਊ ਰਾਣਾ ਅਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ ।
ਇਸ ਸਬੰਧੀ ਡੀਸੀਪੀ ਨੇ ਦੱਸਿਆ ਕਿ ਸੀਸੀਟੀਵੀ ਦੀ ਫੁਟੇਜ ਨੂੰ ਖੰਗਾਲ ਕੇ ਇਨ੍ਹਾਂ ਲੁਟੇਰਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਈਸਟ ਮੋਹਨ ਨਗਰ ਵਾਸੀ ਰਾਹੁਲ ਨੇ ਦੱਸਿਆ ਹੈ ਕਿ ਉਹ ਕਬਾੜ ਦਾ ਕੰਮਕਾਰ ਕਰਦਾ ਹੈ। ਉਨ੍ਹਾਂ ਦੀ ਦੁਕਾਨ ਦੇ ਇੱਕ ਪਾਸੇ ਉਨ੍ਹਾਂ ਦਾ ਦਫਤਰ ਹੈ ਜਦੋਂ ਕਿ ਇਸਦੇ ਬਾਕੀ ਹਿੱਸੇ ਵਿੱਚ ਉਨ੍ਹਾਂ ਨੇ ਗੁਦਾਮ ਬਣਾਇਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਕਰੀਬ 11. 45 ਵਜੇ ਉਹ ਆਪਣੇ ਦਫਤਰ ਵਿੱਚ ਮੌਜੂਦ ਸੀ। ਇਸ ਦੌਰਾਨ ਮੋਟਰਸਾਈਕਲ ਤੇ ਦੋ ਨੌਜਵਾਨ ਉਨ੍ਹਾਂ ਦੇ ਕੋਲ ਆਏ ਅਤੇ ਕੁੱਝ ਸਾਮਾਨ ਖ੍ਰੀਦਣ ਨੂੰ ਲੈ ਕੇ ਗੱਲ ਕਰਨ ਲੱਗੇ। ਇਸ ਦੌਰਾਨ ਹੀ ਉਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਦੇ ਕਿਸੇ ਵਾਕਫ਼ ਦਾ ਨਾਮ ਵੀ ਲਿਆ।
ਇਨ੍ਹਾਂ ਦੋਵਾਂ ਨੌਜਵਾਨਾਂ ਨੇ ਪਿਸਤੌਲ ਕੱਢ ਲਿਆ ਅਤੇ ਉਨ੍ਹਾਂ ਦੇ ਸਿਰ ਤੇ ਰੱਖ ਦਿੱਤਾ। ਇਨ੍ਹਾਂ ਦੋਸ਼ੀਆਂ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਗ਼ੱਲੇ ਵਿੱਚ ਰੱਖੇ 2. 70 ਲੱਖ ਰੁਪਇਆ ਨੂੰ ਲੁੱਟ ਲਿਆ। ਉਨ੍ਹਾਂ ਨੇ ਦੱਸਿਆ ਕਿ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਜੇਬ ਦੇ ਵਿੱਚੋਂ ਮੋਬਾਇਲ ਫੋਨ ਨੂੰ ਵੀ ਕੱਢ ਕੇ ਲੈ ਗਏ। ਲੁੱਟ ਦੀ ਵਾਰਦਾਤ ਹੋਣ ਦੇ ਤੁਰੰਤ ਬਾਅਦ ਹੀ ਉਨ੍ਹਾਂ ਨੇ ਪੁਲਿਸ ਨੂੰ ਇਸ ਵਾਰਦਾਤ ਦੀ ਜਾਣਕਾਰੀ ਦਿੱਤੀ। ਡੀਸੀਪੀ ਰਛਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਅਤੇ ਲੁਟੇਰਿਆਂ ਦਾ ਪਤਾ ਲਗਾਉਣ ਦੇ ਲਈ ਪੂਰੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।