ਪੰਜਾਬ ਵਿਚ ਤਰਨਤਾਰਨ ਦੇ ਪਿੰਡ ਬ੍ਰਹਮਣੀਵਾਲਾ ਵਿੱਚ ਕੰਟੇਨਰ 11 ਕੇਵੀ ਵੋਲਟੇਜ ਦੀ ਬਿਜਲੀ ਦੀ ਤਾਰ ਨਾਲ ਟਕਰਾ ਗਿਆ। ਇਸ ਹਾਦਸੇ ਦੇ ਵਿੱਚ ਟਰੱਕ ਦੇ ਸਟੇਰਿੰਗ ਤੇ ਬੈਠੇ ਡਰਾਈਵਰ ਦੀ ਮੌਤ ਹੋ ਗਈ। ਪਿੰਡ ਬ੍ਰਹਮਣੀਵਾਲਾ ਵਾਸੀ ਲਖਬੀਰ ਸਿੰਘ ਉਮਰ 42 ਸਾਲ ਗੁਜਰਾਤ ਵਿੱਚ ਕੰਟੇਨਰ ਚਲਾਉਂਦਾ ਸੀ। ਉਸ ਦਾ ਪਤਨੀ ਦੇ ਨਾਲ ਤਲਾਕ ਹੋ ਚੁੱਕਿਆ ਹੈ। ਲਖਬੀਰ ਸਿੰਘ ਦੇ ਪਿਤਾ ਬਲਕਾਰ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ ਜਦੋਂ ਕਿ ਉਹ ਆਪਣੀ ਮਾਂ ਸਲਵਿਦਰ ਕੌਰ ਨੂੰ ਮਿਲਣ ਲਈ ਮੰਗਲਵਾਰ ਦੁਪਹਿਰ ਨੂੰ ਕੰਟੇਨਰ ਨੰਬਰ ਜੀਜੇ 12 ਡੀਵੀ 2764 ਨੂੰ ਲੈ ਕੇ ਪਿੰਡ ਆ ਰਿਹਾ ਸੀ। ਰਸਤੇ ਦੇ ਵਿੱਚ ਸੜਕ ਦੇ ਉੱਤੋਂ ਦੀ ਲੰਘਦੀ 11ਕੇਵੀ ਵੋਲਟੇਜ ਬਿਜਲੀ ਦੀ ਤਾਰ ਦੇ ਨਾਲ ਕੰਟੇਨਰ ਟਕਰਾ ਗਿਆ। ਜਿਸ ਦੇ ਕਾਰਨ ਉਸ ਵਿੱਚ ਕਰੰਟ ਆ ਗਿਆ ਅਤੇ ਲਖਬੀਰ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਇਸ ਘਟਨਾ ਸਬੰਧੀ ਸਰਪੰਚ ਦਲਜੀਤ ਸਿੰਘ ਪੇਂਡੂ ਅਜੀਤ ਸਿੰਘ ਬਾਜ ਸਿੰਘ ਕਰਨਜੀਤ ਸਿੰਘ ਅਤੇ ਦਰਬਾਰਾ ਸਿੰਘ ਨੇ ਦੱਸਿਆ ਕਿ ਲਖਬੀਰ ਜਿਮੀਂਦਾਰ ਪਰਿਵਾਰ ਨਾਲ ਸਬੰਧਤ ਸੀ, ਪਰ ਜ਼ਮੀਨ ਨਾ ਹੋਣ ਦੇ ਕਾਰਨ ਉਹ ਟਰੱਕ ਚਲਾ ਕੇ ਆਪਣਾ ਗੁਜਾਰਾ ਕਰਦਾ ਸੀ। ਇਸ ਹਾਦਸੇ ਦਾ ਪਤਾ ਚਲਦਿਆਂ ਹੀ ਥਾਣਾ ਸਿਟੀ ਪੱਟੀ ਦੇ ਇੰਨਚਾਰਜ ਬਲਜਿਦਰ ਸਿੰਘ ਮੌਕੇ ਉੱਤੇ ਪਹੁੰਚੇ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਦੇ ਹੋਏ ਮਾਂ ਸਲਵਿਦਰ ਕੌਰ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
11ਕੇਵੀ ਵੋਲਟੇਜ ਤਾਰਾਂ ਸਨ ਢਿੱਲੀਆਂ
ਇਸ ਕੰਟੇਨਰ ਦੀ ਉਚਾਈ ਸਾਢੇ 16 ਤੋਂ 17 ਫੁੱਟ ਉੱਚੀ ਹੁੰਦੀ ਹੈ। ਕੁਲ ਮਿਲਾਕੇ ਬਿਜਲੀ ਦੀਆਂ 11ਕੇਵੀ ਵੋਲਟੇਜ ਦੀਆਂ ਤਾਰਾਂ ਕੁੱਝ ਢਿੱਲੀਆਂ ਸੀ। ਇਸ ਕਾਰਨ ਇਹ ਹਾਦਸਾ ਵਾਪਰਿਆ ਹੈ। ਸਰਪੰਚ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਪਾਵਰਕਾਮ ਦੀ ਲਾਪਰਵਾਹੀ ਦੇ ਕਾਰਨ ਇਹ ਹਾਦਸਾ ਹੋਇਆ ਹੈ। ਜੇਕਰ ਵਿਭਾਗ ਨੇ ਤਾਰਾਂ ਪਹਿਲਾਂ ਤੋਂ ਕਸੀਆਂ ਹੁੰਦੀਆਂ ਤਾਂ ਸ਼ਾਇਦ ਲਖਬੀਰ ਸਿੰਘ ਬਚ ਜਾਂਦਾ।
ਜੇਈ ਤੋਂ ਮੰਗਵਾਈ ਜਾਵੇਗੀ ਰਿਪੋਰਟ ਐਸਡੀਓ
ਇਸ ਸਬੰਧੀ ਪਾਵਰਕਾਮ ਪੱਟੀ ਸ਼ਹਿਰੀ ਦੇ ਐਸਡੀਓ ਨਰਿਦਰ ਸਿੰਘ ਦਾ ਕਹਿਣਾ ਹੈ ਕਿ 11 ਕੇਵੀ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਉਚਾਈ ਜ਼ਮੀਨ ਤੋਂ 18 ਫੁੱਟ ਉੱਚੀ ਹੁੰਦੀ ਹੈ। ਫਿਰ ਵੀ ਇਹ ਹਾਦਸਾ ਕਿਵੇਂ ਹੋਇਆ, ਇਸ ਦਾ ਪਤਾ ਲਗਾਉਣ ਲਈ ਸਬੰਧਤ ਜੇਈ ਤੋਂ ਰਿਪੋਰਟ ਮੰਗੀ ਜਾਵੇਗੀ।