ਜੰਗਲ ਵਿੱਚੋਂ ਸ਼ੱਕੀ ਹਾਲਤ ਵਿਚ ਮਿਲਿਆ ਨੌਜਵਾਨ ਦਾ ਮ੍ਰਿਤਕ ਸਰੀਰ, ਮੁੰਹ ਤੇ ਬੰਨਿਆਂ ਸੀ ਪਲਾਸਟਿਕ ਲਿਫਾਫਾ, ਪਰਿਵਾਰ ਨੇ ਲਾਏ ਇਹ ਇਲਜ਼ਾਮ

Punjab

ਪੰਜਾਬ ਵਿਚ ਜਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਡਿਵੀਜਨ ਅਧੀਨ ਆਉਂਦੇ ਪਿੰਡ ਜੈਨਪੁਰ ਦੇ ਜੰਗਲ ਵਿੱਚ ਅੱਜ ਸਵੇਰੇ ਇੱਕ ਨੌਜਵਾਨ ਦਾ ਮ੍ਰਿਤਕ ਸਰੀਰ ਮਿਲਿਆ। ਇਸ ਨੌਜਵਾਨ ਦੀ ਪਹਿਚਾਣ ਯੁਗਰਾਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਸ਼ੇਰਪੁਰ ਸੱਧਾ ਦੇ ਰੂਪ ਵਿੱਚ ਹੋਈ ਹੈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉੱਤੇ ਐਸਪੀ ਜਗਜੀਤ ਸਿੰਘ ਸਰੋਆ ਡੀਐਸਪੀ ਸੁਲਤਾਨਪੁਰ ਲੋਧੀ ਰਾਜੇਸ਼ ਕੱਕੜ ਅਤੇ ਪੁਲਿਸ ਦੀ ਟੀਮ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਪੜਤਾਲ ਨੂੰ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਦੂਜੇ ਪਾਸੇ ਮੁੰਹ ਉੱਤੇ ਪਾਲੀਥਿਨ ਬੱਝੇ ਹੋਣ ਅਤੇ ਲਾਸ਼ ਦੇ ਨੇੜੇ ਮਿਲੀ ਸਰਿੰਜ ਤੇ ਮ੍ਰਿਤਕ ਦੇ ਪਰਿਵਾਰ ਨੇ ਹੱਤਿਆ ਦਾ ਸ਼ੱਕ ਜਤਾਇਆ ਹੈ।

ਇਸ ਮਾਮਲੇ ਸਬੰਧੀ ਮ੍ਰਿਤਕ ਯੁਗਰਾਜ ਸਿੰਘ ਦੇ ਚਾਚਾ ਬੂਟਾ ਸਿੰਘ ਨੇ ਦੱਸਿਆ ਕਿ ਉਹ ਕੱਲ ਆਪਣੇ ਮੁੰਡੇ ਨੂੰ ਏਅਰਪੋਰਟ ਛੱਡਣ ਗਏ ਹੋਏ ਸਨ। ਉਸ ਤੋਂ ਬਾਅਦ ਯੁਗਰਾਜ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਜਾਕੇ ਆੜਤੀਏ ਤੋਂ 10000 ਰੁਪਏ ਵੀ ਲਏ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਘਰ ਆਏ ਤਾਂ ਉਨ੍ਹਾਂ ਨੇ ਯੁਗਰਾਜ ਨੂੰ ਕਈ ਵਾਰ ਫੋਨ ਕੀਤੇ ਲੇਕਿਨ ਉਸ ਦਾ ਫੋਨ ਬੰਦ ਆ ਰਿਹਾ ਸੀ। ਉਨ੍ਹਾਂ ਨੇ ਸ਼ੱਕ ਜਤਾਇਆ ਹੈ ਕਿ ਉਸ ਦੇ ਸਾਥੀਆਂ ਨੇ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।

ਲਾਸ਼ ਨੇੜੇ ਖੂਨ ਨਾਲ ਭਰੀ ਹੋਈ ਸਰਿੰਜ ਮਿਲੀ

ਅੱਗੇ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਚਲਿਆ ਕਿ ਯੁਗਰਾਜ ਦੀ ਲਾਸ਼ ਜੰਗਲਾਂ ਵਿੱਚ ਪਈ ਹੋਈ ਹੈ। ਮ੍ਰਿਤਕ ਦੀ ਲਾਸ਼ ਦੇ ਕੋਲੋਂ ਇੱਕ ਖੂਨ ਦੇ ਨਾਲ ਭਰੀ ਹੋਈ ਸਰਿੰਜ ਵੀ ਬਰਾਮਦ ਹੋਈ ਹੈ ਅਤੇ ਮ੍ਰਿਤਕ ਦੇ ਮੁੰਹ ਤੇ ਪਾਲੀਥਿਨ ਬੰਨਿਆਂ ਹੋਇਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ੀਲਾ ਪਦਾਰਥ ਚਿੱਟਾ ਕਿਉਂ ਨਹੀਂ ਖਤਮ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੇ ਪੁੱਤ ਵੀ ਇੰਜ ਹੀ ਮਰਨ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਨਾ ਫੜਨ ਵਾਲਿਆਂ ਦਾ ਵੀ ਕੁੱਝ ਨਾ ਰਹੇ। ਉਨ੍ਹਾਂ ਨੇ ਕਿਹਾ ਕਿ ਹੁਣ ਵੀ ਇਲਾਕੇ ਵਿੱਚ ਕਾਫ਼ੀ ਲੋਕ ਨਸ਼ਾ ਤਸਕਰੀ ਦੇ ਕੰਮ ਨੂੰ ਅੰਜਾਮ ਦੇ ਰਹੇ ਹਨ।

ਦੋਸ਼ੀਆਂ ਤੇ ਸਖ਼ਤ ਕਾਰਵਾਈ ਦੀ ਕੀਤੀ ਮੰਗ

ਬੂਟਾ ਸਿੰਘ ਨੇ ਇਲਜ਼ਾਮ ਲਾਇਆ ਕਿ ਪੁਲਿਸ ਵੀ ਨਸ਼ਾ ਤਸਕਰਾਂ ਦੇ ਨਾਲ ਮਿਲੀ ਹੋਈ ਹੈ ਅਤੇ ਉਨ੍ਹਾਂ ਦੀ ਮਿਲੀਭਗਤ ਦੇ ਨਾਲ ਹੀ ਇਲਾਕੇ ਵਿੱਚ ਨਸ਼ੇ ਦਾ ਕਾਰੋਬਾਰ ਚੱਲਦਾ ਹੈ। ਮ੍ਰਿਤਕ ਦੇ ਚਾਚੇ ਨੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਪੋਸਟਮਾਰਟਮ ਦੀ ਰਿਪੋਰਟ ਵਿੱਚ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ

ਇਸ ਸੰਬੰਧੀ ਵਿੱਚ ਐਸਪੀ ਜਗਜੀਤ ਸਿੰਘ ਨੇ ਦੱਸਿਆ ਹੈ ਕਿ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲੀ ਕਾਰਨਾਂ ਦਾ ਖੁਲਾਸਾ ਹੋਵੇਗਾ। ਜਿਸ ਤੋਂ ਬਾਅਦ ਬਣਦੀ ਉਚਿਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *