ਇਹ ਦੁਖਦਾਈ ਖ਼ਬਰ ਪੰਜਾਬ ਦੇ ਜਿਲ੍ਹਾ ਫਿਰੋਜਪੁਰ ਜੀਰਾ ਤੋਂ ਹੈ। ਇਥੇ ਮੱਲਾਂਵਾਲਾ ਦੇ ਰਸਤੇ ਕਮਾਲਵਾਲਾ ਰੋਡ ਸਥਿਤ ਲਾਲਾ ਚੰਦਾ ਮੱਲ ਧਰਮਸ਼ਾਲਾ ਦੇ ਨੇੜੇ ਸ਼ਨੀਵਾਰ ਦੀ ਸਵੇਰ ਤਕਰੀਬਨ ਸੱਤ ਕੁ ਵਜੇ ਮਿਨੀ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਿਤਾ ਅਤੇ ਪੁੱਤਰ ਦੀ ਮੌਤ ਹੋ ਗਈ। ਪਿਤਾ ਮੋਟਰਸਾਈਕਲ ਤੇ ਆਪਣੇ ਪੁੱਤਰ ਨੂੰ ਸਕੂਲ ਛੱਡਣ ਲਈ ਜਾ ਰਿਹਾ ਸੀ। ਬੱਸ ਡਰਾਇਵਰ ਘਟਨਾ ਨੂੰ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਮੱਲਾਂਵਾਲਾ ਪੁਲਿਸ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਆਪਣੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।
ਇਸ ਘਟਨਾ ਸਬੰਧੀ ਪੁਲਿਸ ਦੇ ਦੱਸਣ ਅਨੁਸਾਰ ਰਾਕੇਸ਼ ਕੁਮਾਰ ਪੁੱਤਰ ਜਵਾਹਰ ਵਾਸੀ ਮੱਲਾਂਵਾਲਾ ਅੱਜ ਸਵੇਰੇ ਪਹਿਲਾਂ ਆਪਣੀ ਵੱਡੀ ਧੀ ਨੂੰ ਸਕੂਲ ਛੱਡ ਕੇ ਆਇਆ ਸੀ। ਉਸ ਤੋਂ ਬਾਅਦ ਆਪਣੇ ਦਸ ਸਾਲ ਦੇ ਪੁੱਤਰ ਲਵ ਕੁਮਾਰ ਨੂੰ ਸਕੂਲ ਛੱਡਣ ਲਈ ਜਾ ਰਿਹਾ ਸੀ। ਲਵ ਪੰਜਵੀਂ ਕਲਾਸ ਦਾ ਵਿਦਿਆਰਥੀ ਹੈ। ਜਿਵੇਂ ਹੀ ਲਾਲਾ ਚੰਦਾ ਮਲ ਧਰਮਸ਼ਾਲਾ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਮਿਨੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਬੱਸ ਦੇ ਅਗਲੇ ਹਿੱਸੇ ਦੇ ਹੇਠਾਂ ਵੜ ਗਿਆ। ਬੱਸ ਲੱਗਭੱਗ 25 ਫੁੱਟ ਦੂਰ ਤੱਕ ਮੋਟਰਸਾਈਕਲ ਅਤੇ ਪਿਤਾ ਪੁੱਤਰ ਨੂੰ ਘੜੀਸਦੀ ਲੈ ਗਈ। ਇਸ ਹਾਦਸੇ ਵਿੱਚ ਮੌਕੇ ਤੇ ਹੀ ਲਵ ਦੀ ਮੌਤ ਹੋ ਗਈ ਜਦੋਂ ਕਿ ਰਾਕੇਸ਼ ਗੰਭੀਰ ਜਖਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਜੀਰਾ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਉਸ ਦੀ ਵੀ ਮੌਤ ਹੋ ਗਈ।
ਇਸ ਸਬੰਧੀ ਜੀਰਾ ਸਿਵਲ ਹਸਪਤਾਲ ਦੇ ਡਾ. ਹਰਮਨ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਜਖਮੀ ਹਾਲਤ ਵਿੱਚ ਦੋ ਮਰੀਜ ਪਹੁੰਚੇ ਸਨ। ਦਸ ਸਾਲ ਦੇ ਲੜਕੇ ਲਵ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ ਜਦੋਂ ਕਿ ਰਾਕੇਸ਼ ਗੰਭੀਰ ਜਖਮੀ ਸੀ। ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਦੋਵੇਂ ਲਾਸ਼ਾਂ ਪੋਸਟਮਾਰਟਮ ਦੇ ਲਈ ਭੇਜ ਦਿੱਤੀਆਂ ਹਨ।