ਪੰਜਾਬ ਵਿਚ ਤਰਨਤਾਰਨ ਦੇ ਬਾਰਡਰ ਇਲਾਕੇ ਖੇਮਕਰਨ ਵਿੱਚ ਨਸ਼ੇ ਨੇ ਕਬੱਡੀ ਖਿਡਾਰੀ ਦੀ ਜਾਨ ਲਈ। ਪਰਵਾਰਿਕ ਮੈਂਬਰਾਂ ਨੂੰ ਸੋਮਵਾਰ ਦੁਪਹਿਰ ਉਸ ਦੀ ਲਾਸ਼ ਖੇਤਾਂ ਵਿੱਚ ਪਈ ਮਿਲੀ। ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਕਿਉਂ ਹੋਰ ਕਿਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈਏ ਨਸ਼ੇ ਨਾਲ ਮੌਤਾਂ ਰੁਕਣ ਵਾਲੀਆਂ ਨਹੀਂ ਹਨ।
ਇਹ ਘਟਨਾ ਤਰਨਤਾਰਨ ਦੇ ਖੇਮਕਰਨ ਵਿੱਚ ਪੈਂਦੇ ਪਿੰਡ ਮਹਿੰਦੀਪੁਰ ਦੀ ਹੈ। ਇੱਥੇ ਪਹਿਲਾਂ ਵੀ ਨਸ਼ੇ ਦੀ ਓਵਰਡੋਜ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ। ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਨਾਮ ਸਤਵਿੰਦਰ ਸਿੰਘ ਸੀ। ਅਜੇ ਉਹ 21 ਸਾਲ ਦਾ ਸੀ ਅਤੇ ਕਬੱਡੀ ਖੇਡਦਾ ਸੀ। ਕੁੱਝ ਸਮਾਂ ਪਹਿਲਾਂ ਹੀ ਉਹ ਗਲਤ ਸੰਗਤ ਵਿੱਚ ਪੈ ਗਿਆ ਸੀ। ਕਈ ਵਾਰ ਉਸ ਨੂੰ ਨਸ਼ਾ ਕਰਨ ਤੋਂ ਰੋਕਿਆ ਤਾਂ ਉਹ ਲੜਨ ਲੱਗ ਜਾਂਦਾ ਸੀ। ਸਵੇਰੇ ਹੀ ਉਹ ਘਰ ਤੋਂ ਕੰਮ ਤੇ ਜਾਣ ਦੀ ਗੱਲ ਕਹਿਕੇ ਗਿਆ ਸੀ। ਵਾਪਸ ਹੀ ਨਹੀਂ ਆਇਆ। ਦੁਪਹਿਰ ਤੱਕ ਜਦੋਂ ਉਹ ਨਾ ਪਰਤਿਆ ਤਾਂ ਪਿੰਡ ਵਿੱਚ ਉਸ ਦੀ ਭਾਲ ਸ਼ੁਰੂ ਕੀਤੀ।
ਸਤਵਿੰਦਰ ਖੇਤਾਂ ਵਿੱਚ ਡਿਗਿਆ ਪਿਆ ਸੀ
ਇਸ ਸਬੰਧੀ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਲੱਭਦੇ ਹੋਏ ਉਨ੍ਹਾਂ ਨੂੰ ਸਤਵਿੰਦਰ ਸਿੰਘ ਦਾ ਪਤਾ ਚੱਲਿਆ। ਪਿੰਡ ਵਾਲਿਆਂ ਨੇ ਦੱਸਿਆ ਕਿ ਉਹ ਖੇਤਾਂ ਵਿੱਚ ਡਿਗਿਆ ਪਿਆ ਹੈ। ਜਦੋਂ ਉਹ ਖੇਤਾਂ ਵਿੱਚ ਉਸ ਨੂੰ ਲੱਭਣ ਗਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਉਹ ਉਸ ਨੂੰ ਘਰ ਲੈ ਆਏ।
ਪਰਿਵਾਰ ਪੁਲਿਸ ਕੋਲ ਨਹੀਂ ਜਾਣਾ ਚਾਹੁੰਦਾ
ਇਸ ਮਾਮਲੇ ਸਬੰਧੀ ਸਤਵਿੰਦਰ ਸਿੰਘ ਦਾ ਪਰਿਵਾਰ ਪੁਲਿਸ ਕੋਲ ਨਹੀਂ ਜਾਣਾ ਚਾਹੁੰਦਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤਾਂ ਉਨ੍ਹਾਂ ਨੇ ਸਪੱਸ਼ਟ ਮਨਾ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕਿਉਂ ਪੁਲਿਸ ਦੇ ਕੋਲ ਜਾਣ ਜੇਕਰ ਰਿਪੋਰਟ ਲਿਖਵਾਉਣੀ ਵੀ ਪਈ ਤਾਂ ਕਿਸਦੇ ਖਿਲਾਫ ਦਰਜ ਕਰਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਰੁਕਣ ਵਾਲਾ ਨਹੀਂ ਹੈ। ਆਏ ਦਿਨ ਹੀ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ।