ਮੰਗਲਵਾਰ ਨੂੰ ਪੰਜਾਬ ਦੇ ਜਲਾਲਾਬਾਦ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਹੋਇਆ। ਪਿੰਡ ਮੰਨੋਵਾਲਾ ਦੇ ਨਜ਼ਦੀਕ ਸਵਾਰੀਆਂ ਨਾਲ ਗਚਾਗੱਚ ਭਰੀ ਇੱਕ ਬੱਸ ਸੜਕ ਕਿਨਾਰੇ ਖੇਤਾਂ ਵਿੱਚ ਜਾ ਕੇ ਪਲਟ ਗਈ। ਇਸ ਹਾਦਸੇ ਵਿੱਚ ਦੋ ਔਰਤਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਮੁਸਾਫਰ ਜਖ਼ਮੀ ਹੋ ਗਏ। ਫਿਲਹਾਲ ਕਿਹਾ ਜਾ ਰਿਹਾ ਹੈ ਕਿ ਇਹ ਬੱਸ ਓਵਰਲੋਡ ਸੀ ਅਤੇ ਸੰਤੁਲਨ ਵਿਗੜਨ ਕਰਕੇ ਪਲਟ ਗਈ। ਪੁਲਿਸ ਹਾਦਸੇ ਨੂੰ ਲੈ ਕੇ ਜਾਂਚ ਪੜਤਾਲ ਕਰ ਰਹੀ ਹੈ।
ਇਸ ਸਬੰਧੀ ਮਿਲੀ ਅਨੁਸਾਰ ਮੰਡੀ ਰੋੜਾ ਵਾਲੀ ਤੋਂ ਜਲਾਲਾਬਾਦ ਦੇ ਵੱਲ ਜਾ ਰਹੀ ਸਵਾਰੀਆਂ ਨਾਲ ਲੱਦੀ ਇੱਕ ਬੱਸ ਦਾ ਪਿੰਡ ਮੰਨੋਵਾਲ ਦੇ ਨਜ਼ਦੀਕ ਸੰਤੁਲਨ ਵਿਗੜ ਗਿਆ ਅਤੇ ਬੱਸ ਸੜਕ ਕਿਨਾਰੇ ਖੇਤਾਂ ਦੀ ਖਾਈ ਦੇ ਵਿੱਚ ਜਾ ਡਿੱਗੀ। ਬੱਸ ਵਿੱਚ ਕਾਫ਼ੀ ਗਿਣਤੀ ਵਿੱਚ ਵਿਦਿਆਰਥੀ ਸਵਾਰ ਸਨ। ਬੱਸ ਦੇ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਪੇਂਡੂ ਲੋਕ ਮੌਕੇ ਤੇ ਪਹੁੰਚ ਗਏ ਅਤੇ ਮੁਸਾਫਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਡਰਾਈਵਰ ਨੇ ਬੱਸ ਵਿਚੋਂ ਮਾਰੀ ਛਾਲ
ਹਾਦਸੇ ਵਾਲੀ ਥਾਂ ਪੁਲਿਸ ਨੇ ਪਹੁੰਚ ਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੁਸਾਫਰਾਂ ਨੂੰ ਬਾਹਰ ਕੱਢਿਆ। ਇਸ ਘਟਨਾ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 20 ਲੋਕ ਜਖ਼ਮੀ ਹੋ ਗਏ। ਪੁਲਿਸ ਵਲੋਂ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਦਾ ਸੰਤੁਲਨ ਵਿਗੜਦੇ ਹੀ ਡਰਾਇਵਰ ਅਤੇ ਕੰਡਕਟਰ ਨੇ ਬੱਸ ਤੋਂ ਛਾਲ ਲਗਾ ਦਿੱਤੀ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।
ਇਨ੍ਹਾਂ ਲੋਕਾਂ ਦੀ ਹੋਈ ਮੌਤ
ਇਸ ਹਾਦਸੇ ਦੀ ਸੂਚਨਾ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਜਾਂਚ ਅਧਿਕਾਰੀ ਜਗਜੀਤ ਸਿੰਘ ਦੇ ਮੁਤਾਬਕ ਲਵਜੀਤ ਕੌਰ ਉਮਰ 19 ਸਾਲ ਸੁਨੀਤਾ ਰਾਣੀ ਉਮਰ 17 ਸਾਲ ਕ੍ਰਿਸ਼ਨ ਸਿੰਘ ਉਮਰ 19 ਸਾਲ ਵਾਸੀ ਪਿੰਡ ਕੱਟੀਆਂ ਵਾਲੀ ਦੀ ਮੌਤ ਹੋਈ ਹੈ ਅਤੇ 20 ਦੇ ਕਰੀਬ ਲੋਕ ਜਖ਼ਮੀ ਦੱਸੇ ਜਾ ਰਹੇ ਹਨ। ਹਾਲਾਂਕਿ ਪੇਂਡੂ ਇੱਕ ਦੋ ਹੋਰ ਮੌਤਾਂ ਦੀ ਜਾਣਕਾਰੀ ਦੇ ਰਹੇ ਹਨ ਲੇਕਿਨ ਫਿਲਹਾਲ ਪੁਲਿਸ ਨੇ ਤਿੰਨਾਂ ਦੀ ਮੌਤ ਦੀ ਹੀ ਪੁਸ਼ਟੀ ਕੀਤੀ ਹੈ।
ਇਸ ਮੋੜ ਤੇ ਪਹਿਲਾਂ ਵੀ ਹੋਏ ਹਾਦਸੇ
ਇਸ ਸਬੰਧੀ ਨਜ਼ਦੀਕ ਪਿੰਡ ਦੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਿਸ ਮੋੜ ਤੇ ਇਹ ਹਾਦਸਾ ਹੋਇਆ ਉਹ ਖਤਰਨਾਕ ਮੋੜ ਹੈ। ਬੱਸ ਦੀ ਰਫਤਾਰ ਤੇਜ ਸੀ ਜਿਸ ਕਾਰਨ ਮੋੜ ਤੇ ਸੰਤੁਲਨ ਵਿਗੜ ਗਿਆ ਅਤੇ ਬੱਸ ਪਲਟ ਗਈ। ਇਸ ਮੋੜ ਤੇ ਕਈ ਦਫਾ ਹਾਦਸੇ ਹੋ ਚੁੱਕੇ ਹਨ। ਸਰਕਾਰ ਨੂੰ ਕਈ ਵਾਰ ਇਸ ਦੇ ਬਾਰੇ ਵਿੱਚ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਲੇਕਿਨ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ।