ਪੰਜਾਬ ਵਿਚ ਜਿਲ੍ਹਾ ਜਲੰਧਰ ਦੇ ਸ਼ਹਿਰ ਵਿੱਚ ਕਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਇਥੇ ਨਕੋਦਰ ਚੌਕ ਦੇ ਨਾਲ ਹੀ ਸਥਿਤ ਸਭ -ਵੇ ਦੇ ਬਾਹਰ ਖੜੀ ਹੋਂਡਾ ਸਿਟੀ ਗੱਡੀ ਨੂੰ ਗੱਨ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਕੋਇਲੇ ਦਾ ਨੌਜਵਾਨ ਕਾਰੋਬਾਰੀ ਲੁਟੇਰੇ ਦਾ ਪਿਸਟਲ ਨਕਲੀ ਹੈ ਇਹ ਸਮਝ ਗਿਆ ਸੀ ਜਿਸ ਨੇ ਆਪਣੀ ਪਤਨੀ ਨੂੰ ਗੱਡੀ ਵਿਚੋਂ ਬਾਹਰ ਭੇਜਿਆ ਅਤੇ ਫਿਰ ਲੁਟੇਰੇ ਨਾਲ ਭਿੜ ਗਿਆ। ਲੁਟੇਰੇ ਨੇ ਕਾਰੋਬਾਰੀ ਨਾਲ ਕੁੱਟਮਾਰ ਵੀ ਕੀਤੀ ਲੇਕਿਨ ਜਦੋਂ ਕਾਰੋਬਾਰੀ ਨੇ ਹਮਲਾ ਕੀਤਾ ਤਾਂ ਉਹ ਆਪਣੀ ਖਿਡੌਣਾ ਪਿਸਟਲ ਕਾਰੋਬਾਰੀ ਦੇ ਹੱਥ ਵਿੱਚ ਛੱਡ ਕੇ ਫਰਾਰ ਹੋ ਗਿਆ। ਦੋਸ਼ੀ ਨੂੰ 2 ਨੌਜਵਾਨਾਂ ਨੇ ਪਿੱਛਾ ਕਰਕੇ ਆਦਰਸ਼ ਨਗਰ ਦੇ ਪਾਰਕ ਕੋਲੋਂ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਅੰਕਿਤ ਚੋਪੜਾ ਪੁੱਤਰ ਰਵੀ ਚੋਪੜਾ ਵਾਸੀ ਬੈਕ ਸਾਇਡ ਮਿਲਾਪ ਚੌਕ ਨੇ ਦੱਸਿਆ ਕਿ ਉਹ ਫੁਟਬਾਲ ਚੌਕ ਤੋਂ ਆਪਣੀ ਪਤਨੀ ਗੌਰੀ ਚੋਪੜਾ ਨੂੰ ਪੇਕਿਆਂ ਤੋਂ ਲਿਆ ਰਿਹਾ ਸੀ। ਰਸਤੇ ਵਿੱਚ ਉਹ ਖਾਣਾ ਪੈਕ ਕਰਵਾਉਣ ਲਈ ਨਕੋਦਰ ਚੌਕ ਦੇ ਕੋਲ ਸਥਿਤ ਸਭ -ਵੇ ਵਿੱਚ ਰੁਕ ਗਏ। ਪਤੀ ਪਤਨੀ ਅੰਦਰ ਤੋਂ ਖਾਣ ਦਾ ਸਾਮਾਨ ਪੈਕ ਕਰਵਾ ਕੇ ਜਿਵੇਂ ਹੀ ਆਪਣੀ ਗੱਡੀ ਨੂੰ ਅਨਲਾਕ ਕਰਕੇ ਅੰਦਰ ਬੈਠੇ ਤਾਂ ਦੇਖਦੇ ਹੀ ਦੇਖਦੇ ਪਿੱਛਲੀ ਸੀਟ ਉੱਤੇ ਇੱਕ ਅਣਪਛਾਤਾ ਨੌਜਵਾਨ ਗੱਡੀ ਦਾ ਦਰਵਾਜਾ ਖੋਲ ਕੇ ਬੈਠ ਗਿਆ। ਗੱਡੀ ਵਿੱਚ ਬੈਠਦੇ ਹੀ ਦੋਸ਼ੀ ਨੇ ਅੰਕਿਤ ਚੋਪੜਾ ਤੇ ਪਿਸਟਲ ਤਾਣ ਦਿੱਤਾ। ਦੋਸ਼ੀ ਦਾ ਅੰਕਿਤ ਨਾਲ ਗਾਲ੍ਹੀ ਗਲੌਚ ਕਰਨਾ ਸ਼ੁਰੂ ਹੋ ਗਿਆ। ਇਸ ਦੌਰਾਨ ਅੰਕਿਤ ਨੂੰ ਸ਼ੱਕ ਹੋਇਆ ਕਿ ਪਿਸਟਲ ਨਕਲੀ ਹੈ। ਉਸ ਨੇ ਤੁਰੰਤ ਪਿਸਟਲ ਝਪਟ ਲਿਆ ਜਿਸ ਤੋਂ ਬਾਅਦ ਲੁਟੇਰੇ ਨੇ ਅੰਕਿਤ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਅੰਕਿਤ ਨੇ ਆਪਣੀ ਪਤਨੀ ਨੂੰ ਗੱਡੀ ਵਿਚੋਂ ਉੱਤਰ ਕੇ ਰੌਲਾ ਪਾਉਣ ਨੂੰ ਕਿਹਾ।
ਰੌਲਾ ਪੈਂਦਾ ਦੇਖ ਅੰਕਿਤ ਤੇ ਹਮਲਾ ਕਰ ਰਿਹਾ ਲੁਟੇਰਾ ਗੱਡੀ ਵਿਚੋਂ ਨਿਕਲਿਆ ਲੇਕਿਨ ਅੰਕਿਤ ਨੇ ਫਿਰ ਵੀ ਉਸ ਨੂੰ ਫੜ ਲਿਆ। ਉਸ ਦੇ ਹੱਥ ਵਿਚੋਂ ਦੁਬਾਰਾ ਨਕਲੀ ਪਿਸਟਲ ਖੋਹ ਲਿਆ। ਜਿਸ ਤੋਂ ਬਾਅਦ ਲੁਟੇਰਾ ਪੈਦਲ ਹੀ ਭੱਜ ਗਿਆ ਅਤੇ ਕੁਝ ਦੂਰੀ ਤੇ ਜਾਕੇ ਇੱਕ ਐਕਟਿਵਾ ਤੇ ਬੈਠ ਕੇ ਆਰਦਸ਼ ਨਗਰ ਦੇ ਵੱਲ ਚਲਿਆ ਗਿਆ। ਉੱਧਰ ਉਥੋਂ ਹੀ ਲੰਘ ਰਹੇ ਦੋ ਨੌਜਵਾਨਾਂ ਨੇ ਪਿੱਛਾ ਕਰਦੇ ਹੋਏ ਲੁਟੇਰੇ ਨੂੰ ਆਰਦਸ਼ ਨਗਰ ਪਾਰਕ ਤੋਂ ਕਾਬੂ ਕਰ ਲਿਆ। ਇਸ ਦੌਰਾਨ ਅੰਕਿਤ ਦੇ ਚਿਹਰੇ ਤੇ ਸੱਟ ਲੱਗੀ ਹੈ। ਸੂਚਨਾ ਮਿਲਦਿਆਂ ਹੀ ਥਾਣਾ ਚਾਰ ਦੇ ਇੰਨਚਾਰਜ ਅਵਤਾਰ ਸਿੰਘ ਮੌਕੇ ਤੇ ਪਹੁੰਚ ਗਏ। ਉਨ੍ਹਾਂ ਨੇ ਅੰਕਿਤ ਨੂੰ ਥਾਣਾ 4 ਵਿਚ ਲਿਜਾ ਕੇ ਉਸ ਦੇ ਬਿਆਨ ਦਰਜ ਕੀਤੇ ਅਤੇ ਫਿਰ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ। ਅੰਕਿਤ ਚੋਪੜਾ ਦਾ ਕਹਿਣਾ ਹੈ ਕਿ ਦੋਸ਼ੀ ਗੱਡੀ ਲੁੱਟਣ ਦੀ ਇਰਾਦੇ ਨਾਲ ਹੀ ਆਇਆ ਸੀ। ਫੜਿਆ ਗਿਆ ਇਹ ਦੋਸ਼ੀ ਨਸ਼ੇੜੀ ਕਿਸਮ ਦਾ ਹੈ।
ਇਥੇ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਸਿੱਖ ਨੌਜਵਾਨਾਂ ਨੇ ਲੁਟੇਰੇ ਦਾ ਆਪਣੇ ਮੋਟਰਸਾਈਕਲ ਤੇ ਪਿੱਛਾ ਕਰਕੇ ਉਸ ਨੂੰ ਕਾਬੂ ਕੀਤਾ ਥਾਣਾ ਚਾਰ ਵਿੱਚ ਉਸ ਨੌਜਵਾਨ ਤੇ ਪਿਸਟਲ ਤਾਣ ਦਿੱਤੀ ਗਈ। ਦਰਅਸਲ ਰਣਜੀਤ ਸਿੰਘ ਵਾਸੀ ਬਸਤੀ ਬਾਵਾ ਖੇਲ ਨੇ ਦੱਸਿਆ ਕਿ ਉਸ ਨੇ ਮਿਹਨਤ ਨਾਲ ਆਪਣਾ ਮੋਟਰਸਾਈਕਲ ਖ੍ਰੀਦਿਆ ਸੀ ਜੋ 6 ਮਹੀਨੇ ਪਹਿਲਾਂ ਚੋਰੀ ਹੋ ਗਿਆ ਸੀ। ਉਸ ਨੇ ਮੋਟਰਸਾਈਕਲ ਨੂੰ ਲੱਭਣ ਲਈ ਕਾਫ਼ੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਮਿਲਿਆ।
ਇਥੇ ਰਣਜੀਤ ਸਿੰਘ ਆਪਣੇ ਦੋਸਤ ਪ੍ਰਿੰਸ ਦੇ ਨਾਲ ਸਭ -ਵੇ ਦੇ ਬਾਹਰ ਤੋਂ ਜਾ ਰਿਹਾ ਸੀ। ਉਸ ਨੂੰ ਲੱਗਿਆ ਕਿ ਦੋ ਭਰਾ ਲੜ ਰਹੇ ਹਨ। ਲੇਕਿਨ ਜਿਵੇਂ ਹੀ ਉਸ ਨੂੰ ਅਸਲੀਅਤ ਪਤਾ ਲੱਗੀ ਤਾਂ ਉਨ੍ਹਾਂ ਨੇ ਮੋਟਰਸਾਈਕਲ ਤੇ ਲੁਟੇਰੇ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਆਦਰਸ਼ ਨਗਰ ਦੇ ਪਾਰਕ ਵਿੱਚ ਪ੍ਰਿੰਸ ਅਤੇ ਰਣਜੀਤ ਸਿੰਘ ਨੇ ਦੋਸ਼ੀ ਨੂੰ ਕਾਬੂ ਕਰ ਲਿਆ। ਜਿਵੇਂ ਹੀ ਦੋਸ਼ੀ ਨੂੰ ਥਾਣਾ 4 ਵਿੱਚ ਲਿਆਂਦਾ ਗਿਆ ਤਾਂ ਰਣਜੀਤ ਸਿੰਘ ਨੂੰ ਮੋਟਰਸਾਈਕਲ ਦੇ ਚੋਰੀ ਹੋਣ ਕਾਰਨ ਗੁੱਸਾ ਸੀ ਅਤੇ ਉਸ ਨੇ ਦੋਸ਼ੀ ਨੂੰ ਇੱਕ ਥੱਪਡ਼ ਜਡ਼ ਦਿੱਤਾ। ਅਜਿਹੇ ਵਿੱਚ ਦੋਸ਼ੀ ਨੂੰ ਫੜਨ ਵਾਲੇ ਰਣਜੀਤ ਸਿੰਘ ਦੀ ਪਿੱਠ ਤੇ ਪਿਸਟਲ ਤਾਣ ਦਿੱਤੀ ਗਈ ਅਤੇ ਉਸ ਨੂੰ ਧੱਕੇ ਮਾਰ ਕੇ ਥਾਣੇ ਤੋਂ ਬਾਹਰ ਕਰ ਦਿੱਤਾ ਗਿਆ।