ਇਹ ਖ਼ਬਰ ਪੰਜਾਬ ਦੇ ਜਿਲ੍ਹਾ ਮੋਗਾ ਤੋਂ ਹੈ। ਸਰਕਾਰ ਲਗਾਤਾਰ ਨਸ਼ੀਲੇ ਪਦਾਰਥਾਂ ਨੂੰ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ। ਲੇਕਿਨ ਨਸ਼ਾ ਤਸਕਰ ਨੌਜਵਾਨ ਪੀੜ੍ਹੀ ਦੀ ਜਿੰਦਗੀ ਨੂੰ ਤਬਾਹ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਮੋਗਾ ਜਿਲ੍ਹੇ ਦੇ ਪਿੰਡ ਮਹਿਣਾ ਤੋਂ ਸਾਹਮਣੇ ਆਇਆ ਹੈ। ਇਥੋਂ ਦੇ ਇਕ ਨੌਜਵਾਨ ਦੀ ਨਸ਼ੇ ਦੇ ਇੰਜੈਕਸ਼ਨ ਨਾਲ ਮੌਤ ਹੋ ਗਈ। ਇਸ ਸੰਬੰਧ ਵਿੱਚ ਮ੍ਰਿਤਕ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਦਾ ਆਦੀ ਸੀ ਅਤੇ 8 ਮਈ ਨੂੰ ਉਹ ਘਰ ਤੋਂ ਆਪਣੀ ਸਵਿਫਟ ਕਾਰ ਵਿਚ ਮੋਗੇ ਨਸ਼ਾ ਕਰਨ ਆਇਆ ਸੀ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਨੰ. 2 ਦੇ ਐਸਐਚਓ ਦਾ ਫੋਨ ਆਇਆ ਕਿ ਤੁਹਾਡੀ ਗੱਡੀ ਮੋਗੇ ਦੇ ਲਾਲ ਸਿੰਘ ਰੋਡ ਤੇ ਖੜੀ ਹੈ ਅਤੇ ਆਪਣੀ ਗੱਡੀ ਨੂੰ ਲੈ ਜਾਓ। ਇਸ ਬਾਰੇ ਜਦੋਂ ਪੁਲਿਸ ਕੋਲੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਮੁੰਡਾ ਵੀ ਇੱਥੇ ਆਇਆ। ਉਸ ਦੀ ਤਲਾਸ਼ ਕਰੋ ਤਾਂ ਪੁਲਿਸ ਉਨ੍ਹਾਂ ਦੀ ਇੱਕ ਨਹੀਂ ਸੁਣੀ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਅੱਧੀ ਰਾਤ ਨੂੰ ਫੋਨ ਆਇਆ ਕਿ ਉਨ੍ਹਾਂ ਦਾ ਪੁੱਤਰ ਮਿਲ ਗਿਆ ਹੈ ਲੇਕਿਨ ਜਦੋਂ ਅਸੀਂ ਰਾਤ ਨੂੰ ਥਾਣੇ ਪਹੁੰਚੇ ਤਾਂ ਪਤਾ ਚਲਿਆ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਓਵਰਡੋਜ ਦੇ ਇੰਜੈਕਸ਼ਨ ਲੱਗਣ ਨਾਲ ਹੋਈ ਹੈ ਅਤੇ ਨਸ਼ਾ ਤਸਕਰਾਂ ਨੇ ਅਮਨਦੀਪ ਦੀ ਲਾਸ਼ ਨੂੰ ਮੋਗੇ ਸੇਮ ਦੇ ਨਾਲੇ ਵਿੱਚ ਸੁੱਟ ਦਿੱਤਾ ਸੀ।
ਇੱਕ ਸਾਲ ਪਹਿਲਾਂ ਮ੍ਰਿਤਕ ਦਾ ਹੋਇਆ ਸੀ ਵਿਆਹ
ਪ੍ਰਸਾਸ਼ਨ ਤੋਂ ਰੋਦੀ ਵਿਲਕਦੀ ਮ੍ਰਿਤਕ ਦੀ ਪਤਨੀ ਅਤੇ ਮਾਤਾ ਪਿਤਾ ਨੇ ਇਨਸਾਫ ਦੀ ਗੁਹਾਰ ਲਾਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 4 -5 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਸੇਮ ਵਿੱਚ ਪਈ ਇੱਕ ਬੋਰੀ ਵਿਚੋਂ ਬਰਾਮਦ ਹੋਈ ਹੈ। ਲਾਸ਼ ਗਲ ਸੜ ਚੁੱਕੀ ਸੀ ਕਿ ਪਹਿਚਾਣ ਕਰਨਾ ਵੀ ਮੁਸ਼ਕਲ ਹੋ ਰਿਹਾ ਸੀ। ਮ੍ਰਿਤਕ ਅਮਨਦੀਪ ਦੀ ਮਾਂ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਸਵਿਫਟ ਕਾਰ 4 – 5 ਦਿਨ ਪਹਿਲਾਂ ਮੋਗੇ ਦੇ ਲਾਲ ਸਿੰਘ ਰੋਡ ਤੋਂ ਬਰਾਮਦ ਹੋਈ ਸੀ ਲੇਕਿਨ ਮੁੰਡੇ ਦਾ ਕੋਈ ਪਤਾ ਨਹੀਂ ਮਿਲਿਆ ਸੀ।
ਪਰਵਾਰਿਕ ਮੈਂਬਰਾਂ ਨੇ ਕਿਹਾ ਕਿ ਉਹ ਅੱਜ ਥਾਣੇ ਪਹੁੰਚੇ ਹਨ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ। ਸਿਟੀ ਸਾਉਥ ਥਾਣਾ ਇੰਚਾਰਜ ਦਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਸਾਨੂੰ ਸੇਮ ਨਾਲੇ ਵਿੱਚ ਅਮਨਦੀਪ ਸਿੰਘ ਦੀ ਲਾਸ਼ ਮਿਲੀ ਸੀ। ਪੁਲਿਸ ਪਾਰਟੀ ਦੁਆਰਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਸੀ ਅਤੇ ਉਹ ਥਾਣੇ ਆ ਗਏ ਹਨ ਅਤੇ ਹੁਣ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।