ਦਿਨਦਿਹਾੜੇ ਘਰ ਵਿਚ ਆ ਵੜੇ ਪੰਜ ਨਕਾਬਪੋਸ਼ ਵਿਅਕਤੀ, ਮਹਿਲਾ ਨੂੰ ਬੰਧਕ ਬਣਾ ਕੇ ਕੀਤੀ ਵੱਡੀ ਵਾਰਦਾਤ, ਜਾਂਂਚ ਜਾਰੀ

Punjab

ਪੰਜਾਬ ਵਿਚ ਜਿਲ੍ਹਾ ਫਿਰੋਜਪੁਰ ਦੇ ਮੱਖੂ ਮੇਨ ਬਾਜ਼ਾਰ ਵਿੱਚ ਆੜਤੀਏ ਦੇ ਘਰ ਸ਼ੁੱਕਰਵਾਰ ਦੁਪਹਿਰ ਨੂੰ ਲੁਟੇਰੇ ਆ ਵੜੇ ਅਤੇ ਘਰ ਵਿੱਚ ਇਕੱਲੀ ਮਹਿਲਾ ਨੂੰ ਬੰਧਕ ਬਣਾ ਕੇ ਪੰਜ ਲੱਖ ਰੁਪਏ ਅਤੇ ਤਕਰੀਬਨ ਦਸ ਤੋਲੇ ਸੋਨਾ ਲੁੱਟ ਕੇ ਫਰਾਰ ਹੋ ਗਏ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ। ਵਾਰਦਾਤ ਤੋਂ ਬਾਅਦ ਡੀਐਸਪੀ ਸੰਦੀਪ ਸਿੰਘ ਮੰਡ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ। ਮੱਖੂ ਦੇ ਮੇਨ ਬਾਜ਼ਾਰ ਵਿੱਚ ਸਥਿਤ ਆਰੀਆ ਸਮਾਜ ਸਟਰੀਟ ਸ਼ਹਿਰ ਦਾ ਸਭ ਤੋਂ ਵੱਧ ਵਿਅਸਤ ਇਲਾਕਾ ਹੈ ਜਿੱਥੇ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਇਸ ਸਬੰਧੀ ਆੜਤੀਏ ਅਸ਼ੋਕ ਕੁਮਾਰ ਠੁਕਰਾਲ ਦੀ ਪਤਨੀ ਕਮਲੇਸ਼ ਰਾਣੀ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਇੱਕ ਵਜੇ ਦੇ ਕਰੀਬ ਦੋ ਵਿਅਕਤੀ ਘਰ ਵਿਚ ਦਾਖਲ ਹੋਏ ਅਤੇ ਪਿਸਟਲ ਦੇ ਹੱਥੇ ਨਾਲ ਉਸ ਦੇ ਮੁੰਹ ਤੇ ਵਾਰ ਕੀਤਾ। ਦੋਸ਼ੀਆਂ ਨੇ ਉਸ ਤੋਂ ਘਰ ਵਿੱਚ ਪੈਸੇ ਰੱਖਣ ਵਾਲੀ ਜਗ੍ਹਾ ਪੁੱਛੀ। ਡਰ ਦੀ ਵਜ੍ਹਾ ਕਾਰਨ ਉਸ ਨੇ ਲੁਟੇਰਿਆਂ ਨੂੰ ਅਲਮਾਰੀ ਵਿੱਚ ਪਏ ਪੈਸਿਆਂ ਦੀ ਜਾਣਕਾਰੀ ਦਿੱਤੀ। ਲੁਟੇਰਿਆਂ ਨੇ ਅਲਮਾਰੀ ਵਿੱਚ ਪਿਆ 10 ਤੋਲੇ ਸੋਨਾ ਅਤੇ ਪੰਜ ਲੱਖ ਦੀ ਨਗਦੀ ਕੱਢ ਲਈ। ਦੋਸ਼ੀ ਘਰ ਤੋਂ ਜਾਂਦੇ ਹੋਏ ਧਮਕੀ ਦੇ ਕੇ ਗਏ ਕਿ ਜੇਕਰ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਨ੍ਹਾਂ ਨੂੰ ਜਾਨ ਤੋਂ ਮਾਰ ਦੇਣਗੇ। ਇਸ ਤੋਂ ਬਾਅਦ ਦੋਸ਼ੀ ਉਸ ਨੂੰ ਕਮਰੇ ਵਿੱਚ ਬੰਦ ਕਰਕੇ ਫਰਾਰ ਹੋ ਗਏ। ਵਾਰਦਾਤ ਦੇ ਕੁੱਝ ਸਮੇਂ ਬਾਅਦ ਮਹਿਲਾ ਨੇ ਕਿਸੇ ਤਰ੍ਹਾਂ ਪਤੀ ਨੂੰ ਇਸ ਵਾਰਦਾਤ ਦੀ ਸੂਚਨਾ ਦਿੱਤੀ। ਵਾਰਦਾਤ ਦੇ ਕਾਰਨ ਕਮਲੇਸ਼ ਰਾਣੀ ਬਹੁਤ ਜ਼ਿਆਦਾ ਸਹਿਮੀ ਹੋਈ ਸੀ।

ਇੱਕ ਲੁਟੇਰਾ ਪੱਗ ਵਾਲੇ ਸਮੇਤ ਪੰਜ ਸਨ ਨਕਾਬਪੋਸ਼

ਇਸ ਮਾਮਲੇ ਸਬੰਧੀ ਥਾਣਾ ਮੱਖੂ ਦੇ ਇੰਨਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੈਮਰਿਆਂ ਵਿੱਚ ਦੇਖਿਆ ਤਾਂ ਪੰਜ ਲੁਟੇਰੇ ਘਰ ਵਿੱਚ ਦਾਖਲ ਹੋਏ ਸਨ। ਜਿਨ੍ਹਾਂ ਵਿੱਚ ਦੋ ਲੁਟੇਰੇ ਘਰ ਦੇ ਅੰਦਰ ਦਾਖਲ ਹੋਏ ਅਤੇ ਤਿੰਨ ਦੋਸ਼ੀ ਘਰ ਦੀ ਛੱਤ ਉੱਤੇ ਚਲੇ ਗਏ ਸਨ। ਪੰਜ ਲੁਟੇਰਿਆਂ ਵਿੱਚ ਇੱਕ ਨੇ ਪੱਗ ਬੰਨੀ ਹੋਈ ਸੀ। ਚਾਰ ਦੋਸ਼ੀਆਂ ਨੇ ਮੁੰਹ ਨੂੰ ਕੱਪੜਿਆਂ ਦੇ ਨਾਲ ਢੱਕਿਆ ਹੋਇਆ ਸੀ।

ਡੀਐਸਪੀ ਦਾ ਦਾਅਵਾ ਛੇਤੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਲੁਟੇਰੇ

ਡੀਐਸਪੀ ਜੀਰਾ ਸੰਦੀਪ ਸਿੰਘ ਮੰਡ ਨੇ ਵਾਰਦਾਤ ਦੇ ਬਾਅਦ ਮੌਕੇ ਉੱਤੇ ਪਹੁੰਚ ਕੇ ਜਾਇਜਾ ਲਿਆ। ਉਨ੍ਹਾਂ ਨੇ ਸੀਸੀਟੀਵੀ ਫੁਟੇਜ ਦੇਖ ਆਸਪਾਸ ਦੇ ਲੋਕਾਂ ਨਾਲ ਗੱਲਬਾਤ ਕੀਤੀ। ਡੀਐਸਪੀ ਨੇ ਕਿਹਾ ਕਿ ਲੁਟੇਰਿਆਂ ਨੂੰ ਕਿਸੇ ਵੀ ਸੂਰਤ ਵਿੱਚ ਜਲਦੀ ਕਾਬੂ ਕੀਤਾ ਜਾਵੇਗਾ।

Leave a Reply

Your email address will not be published. Required fields are marked *