ਪੰਜਾਬ ਦੇ ਜਿਲ੍ਹਾ ਫਿਰੋਜਪੁਰ ਵਿਚ ਨਸ਼ੇ ਦੇ ਟੀਕੇ ਦੀ ਓਵਰਡੋਜ ਨਾਲ ਸ਼ਹਿਰ ਦੀ ਬਸਤੀ ਸ਼ੇਖਾ ਵਾਲੀ ਵਿੱਚ ਇੱਕ ਕਰੀਬ 31 ਸਾਲ ਉਮਰ ਦੇ ਨੌਜਵਾਨ ਦੀ ਮੌਤ ਹੋ ਗਈ। ਇਹ ਜਾਣਕਾਰੀ ਦਿੰਦਿਆਂ ਹੋਏ ਬਸਤੀ ਦੇ ਸੇਵਾਦਾਰ ਬਾਬੂ ਪ੍ਰਧਾਨ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਵਿੱਕੀ ਪੁੱਤਰ ਕਾਲ਼ਾ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਸੀ ਅਤੇ ਉਸ ਦੇ ਬਾਪ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਵਿੱਚ ਉਸ ਦੇ ਬੱਚੇ ਪਤਨੀ ਅਤੇ ਮਾਂ ਹੈ। ਪਰਿਵਾਰ ਵਲੋਂ ਉਸ ਨੂੰ ਨਸ਼ਾ ਕਰਨ ਤੋਂ ਰੋਕਿਆ ਜਾਂਦਾ ਸੀ ਪਰ ਉਹ ਨਸ਼ੇ ਦੀ ਦਲਦਲ ਵਿੱਚ ਪੂਰੀ ਤਰ੍ਹਾਂ ਨਾਲ ਫਸ ਚੁੱਕਿਆ ਸੀ ਅਤੇ ਕੱਲ ਸ਼ਾਮ ਨਸ਼ਾ ਕਰਨ ਤੋਂ ਰੋਕਣ ਤੇ ਉਹ ਘਰ ਤੋਂ ਚਲਿਆ ਗਿਆ। ਦੇਰ ਰਾਤ ਉਸ ਦੀ ਨਸ਼ੇ ਦੇ ਇੰਜੈਕਸ਼ਨ ਦੀ ਓਵਰਡੋਜ ਲਾਉਣ ਕਾਰਨ ਮੌਤ ਹੋ ਗਈ।
ਅੱਗੇ ਸੇਵਾਦਾਰ ਬਾਬੂ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਂਦੇ ਹੀ ਨਸ਼ੇ ਦਾ ਖਾਤਮਾ ਕਰਨ ਦੇ ਵੱਡੇ -ਵੱਡੇ ਦਾਅਵੇ ਕਰਦੀ ਸੀ ਪਰ ਅਜੇ ਤੱਕ ਨਸ਼ੇ ਨੂੰ ਕੋਈ ਨੁਕੇਲ ਨਹੀਂ ਪਾਈ ਗਈ। ਉਨ੍ਹਾਂ ਨੇ ਕਿਹਾ ਕਿ ਉਹ ਕਈ ਵਾਰ ਨਸ਼ੇ ਦਾ ਕੰਮਕਾਜ ਕਰਨ ਵਾਲਿਆਂ ਦੀ ਲਿਸਟ ਬਣਾਕੇ ਦੇ ਚੁੱਕੇ ਹਨ ਮਗਰ ਕੋਈ ਕਾਰਵਾਈ ਨਹੀਂ ਹੋ ਰਹੀ। ਸੇਵਾਦਾਰ ਨੇ ਕਿਹਾ ਕਿ ਚਾਹੇ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਜੇਕਰ ਕੋਈ ਸਰਕਾਰ ਨਸ਼ੇ ਦਾ ਖਾਤਮਾ ਕਰਨ ਲਈ ਅਤੇ ਨਸ਼ਾ ਕਰ ਰਹੇ ਨੌਜਵਾਨਾਂ ਦੀ ਜਾਨ ਬਚਾਉਣ ਲਈ ਕੋਈ ਵੀ ਪ੍ਰੋਜੇਕਟ ਸ਼ੁਰੂ ਕਰਦੀ ਹੈ ਤਾਂ ਉਸ ਨੂੰ ਉਹ ਪੂਰੀ ਤਰ੍ਹਾਂ ਨਾਲ ਆਪਣਾ ਸਹਿਯੋਗ ਦੇਣਗੇ।
ਸੇਵਾਦਾਰ ਨੇ ਕਿਹਾ ਕਿ ਫਿਰੋਜਪੁਰ ਪੁਲਿਸ ਨਸ਼ਾ ਕਰ ਰਹੇ ਨੌਜਵਾਨਾਂ ਦੀ ਕਾਉਂਸਲਿੰਗ ਕਰਕੇ ਉਨ੍ਹਾਂ ਨੂੰ ਨਸ਼ਾ ਛੁਡਾਉਣ ਵਾਲੇ ਕੇਂਦਰਾਂ ਵਿੱਚ ਦਾਖਲ ਕਰਵਾਏ ਅਤੇ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਦੇ ਖਿਲਾਫ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਨਸ਼ੇ ਦੀ ਓਵਰਡੋਜ ਨਾਲ ਮਰੇ ਨੌਜਵਾਨ ਦੇ ਪਰਿਵਾਰ ਵਿੱਚ ਚੀਕ ਚਿਹਾੜਾ ਮੱਚਿਆ ਹੋਇਆ ਹੈ ਅਤੇ ਪਰਿਵਾਰ ਵੀ ਮੰਗ ਕਰ ਰਿਹਾ ਹੈ ਕਿ ਨਸ਼ੇ ਦੇ ਕੰਮਕਾਜ ਨੂੰ ਰੋਕਿਆ ਜਾਵੇ ਅਤੇ ਨਸ਼ੇ ਦੇ ਨਾਲ ਮਰ ਰਹੇ ਲੋਕਾਂ ਨੂੰ ਬਚਾਇਆ ਜਾਵੇ।