ਪੰਜਾਬ ਵਿਚ ਜਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਵਿੱਚ ਪਤਨੀ ਦੇ ਨਾਲ ਨਜਾਇਜ ਸੰਬੰਧਾਂ ਦੇ ਸ਼ੱਕ ਵਿੱਚ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਪਿੰਡ ਥਿਆੜਾ ਦੀ ਹੈ। ਇਸ ਨੌਜਵਾਨ ਦੀ ਪਹਿਚਾਣ ਕੁਲਵੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਨੇਕਨਾਮਾ ਦੇ ਰੁਪ ਵਿੱਚ ਹੋਈ ਹੈ। ਦੋਸ਼ੀ ਪਤੀ ਕੁਲਵਿੰਦਰ ਸਿੰਘ ਉਰਫ ਕਿੰਦੂ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕੁਲਵੀਰ ਸਿੰਘ ਦੇ ਭਰਾ ਹਰਦੀਪ ਸਿੰਘ ਦੇ ਬਿਆਨ ਤੇ ਕੁਲਵਿੰਦਰ ਸਿੰਘ ਅਤੇ ਉਸ ਦੇ ਅਣਪਛਾਤੇ ਛੇ ਸਾਥੀਆਂ ਤੇ ਮਾਮਲੇ ਨੂੰ ਦਰਜ ਕੀਤਾ ਹੈ। ਕਤਲ ਕਰਨ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ ਹਨ। ਪੁਲਿਸ ਵਲੋਂ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਰਸਤੇ ਵਿੱਚ ਘੇਰ ਕੇ ਕਰ ਦਿੱਤਾ ਹਮਲਾ
ਇਸ ਮਾਮਲੇ ਸਬੰਧੀ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਹਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨ ਉਸ ਦਾ ਭਰਾ ਕੁਲਵੀਰ ਸਿੰਘ ਦਸੂਹਾ ਵਿੱਚ ਕਿਸੇ ਕੰਮ ਲਈ ਗਿਆ ਸੀ। ਵਾਪਸ ਆਉਂਦੇ ਸਮੇਂ ਉਹ ਪਿੰਡ ਥਿਆੜਾ ਵਿੱਚ ਰੁਕਿਆ ਅਤੇ ਠੇਕੇ ਤੋਂ ਸ਼ਰਾਬ ਲਈ। ਇਸ ਦੌਰਾਨ ਠੇਕੇ ਨਾਲ ਬਣੇ ਅਹਾਤੇ ਵਿੱਚ ਕੰਮ ਕਰਦੇ ਕੁਲਵਿੰਦਰ ਸਿੰਘ ਉਰਫ ਕਿੰਦੂ ਨੇ ਆਪਣੇ ਸਾਥੀਆਂ ਦੇ ਨਾਲ ਉਸ ਨੂੰ ਕੁੱਝ ਦੂਰੀ ਉੱਤੇ ਰੋਕ ਲਿਆ ਅਤੇ ਰੰਜਿਸ਼ ਦੇ ਚਲਦੇ ਉਸ ਉੱਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੁਪ ਵਿਚ ਜਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਦੋਸ਼ੀ ਦੀ ਪਤਨੀ ਕੁਲਵੀਰ ਸਿੰਘ ਦੇ ਘਰ ਕੰਮ ਕਰਦੀ ਸੀ
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚਿਆ ਅਤੇ ਉਸ ਨੇ ਕੁਲਵੀਰ ਸਿੰਘ ਨੂੰ ਹਸਪਤਾਲ ਪਹੁੰਚਦਾ ਕੀਤਾ ਲੇਕਿਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹਰਦੀਪ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਦੀ ਪਤਨੀ ਕੁਲਵੀਰ ਸਿੰਘ ਦੇ ਘਰ ਵਿੱਚ ਕੰਮ ਕਰਦੀ ਸੀ ਅਤੇ ਉਸ ਦੇ ਬੱਚਿਆਂ ਨੂੰ ਸੰਭਾਲਦੀ ਸੀ। ਉਸ ਨੂੰ ਕੁਲਵੀਰ ਸਿੰਘ ਦੇ ਨਾਲ ਪਤਨੀ ਦੇ ਨਜਾਇਜ ਸਬੰਧਾਂ ਦਾ ਸ਼ੱਕ ਸੀ। ਇਸ ਸ਼ੱਕ ਵਿੱਚ ਉਸ ਨੇ ਕੁਲਵੀਰ ਸਿੰਘ ਦਾ ਕਤਲ ਕਰ ਦਿੱਤਾ। ਦਸੂਹਾ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ । ਦੋਸ਼ੀਆਂ ਤੇ ਕਤਲ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਵਲੋਂ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।