ਪੰਜਾਬ ਵਿਚ ਜਿਲ੍ਹਾ ਗੁਰਦਾਸੁਪਰ ਦੇ ਅਧੀਨ ਆਉਂਦੇ ਬਟਾਲਾ ਦੇ ਵਿੱਚ ਸਾਢੇ ਚਾਰ ਸਾਲ ਦੇ ਬੱਚੇ ਨੂੰ ਦੋ ਮੋਟਰਸਾਇਕਲ ਸਵਾਰਾਂ ਵਲੋਂ ਅਗਵਾ ਕਰ ਲਿਆ ਗਿਆ ਹੈ। ਪਰਵਾਰਿਕ ਮੈਂਬਰਾਂ ਨੇ ਇੱਕ ਮਹਿਲਾ ਤੇ ਬੱਚੇ ਨੂੰ ਅਗਵਾ ਕਰਨ ਦੇ ਇਲਜ਼ਾਮ ਲਾਏ ਹਨ। ਪੁਲਿਸ ਨੇ ਮਾਂ ਦੇ ਬਿਆਨਾਂ ਉੱਤੇ ਸਰਬਜੀਤ ਕੌਰ ਅਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਖਿਲਾਫ ਮਾਮਲੇ ਨੂੰ ਦਰਜ ਕਰ ਲਿਆ ਹੈ। ਇਸ ਦੌਰਾਨ ਪੁਲਿਸ ਦੇ ਹੱਥ ਮੋਟਰਸਾਈਕਲ ਸਵਾਰਾਂ ਦੀ CCTV ਫੁਟੇਜ ਵੀ ਲੱਗੀ ਹੈ।
ਇਸ ਮਾਮਲੇ ਸਬੰਧੀ ਬਾਟਾਲਾ ਦੇ ਅਧੀਨ ਆਉਂਦੇ ਪਿੰਡ ਡੂਡੀਪੁਰ ਵਾਸੀ ਸਲੋਨੀ ਨੇ ਦੱਸਿਆ ਕਿ ਉਨ੍ਹਾਂ ਦਾ ਸਾਢੇ ਚਾਰ ਸਾਲ ਦਾ ਪੁੱਤਰ ਸ਼ੁਭਮਦੀਪ ਸਿੰਘ ਪਿੰਡ ਨੌਸ਼ਹਰਾ ਮਝਾ ਸਿੰਘ ਸਥਿਤ ਗੁਰੂ ਨਾਨਕ ਪਬਲਿਕ ਹਾਈ ਸਕੂਲ ਵਿੱਚ ਐਲਕੇਜੀ ਦਾ ਸਟੂਡੇੈਂਟ ਹੈ। ਉਸ ਦੇ ਪਤੀ ਗੁਰਦਾਸਪੁਰ ਦੇ ਨਸ਼ਾ ਛੁਡਾਉਣ ਵਾਲੇ ਕੇਂਦਰ ਵਿੱਚ ਨੌਕਰੀ ਕਰਦੇ ਹਨ। ਬੀਤੀ ਸ਼ਾਮ ਨੂੰ ਉਨ੍ਹਾਂ ਦਾ ਪੁੱਤਰ ਪਿੰਡ ਦੀ ਹੀ ਕਰਿਆਨੇ ਦੀ ਦੁਕਾਨ ਤੇ ਕੁੱਝ ਸਾਮਾਨ ਲੈਣ ਗਿਆ ਸੀ। ਲੇਕਿਨ ਉਹ ਵਾਪਸ ਨਹੀਂ ਮੁੜਿਆ। ਕਾਫ਼ੀ ਲੱਭਣ ਤੋਂ ਬਾਅਦ ਵੀ ਉਹ ਨਹੀਂ ਮਿਲਿਆ ਤਾਂ ਰਾਤ ਨੂੰ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ।
ਪੁਲਿਸ ਨੇ ਜਾਂਚ ਸ਼ੁਰੂ ਕੀਤੀ, ਮਹਿਲਾ ਤੇ ਸ਼ੱਕ
ਅੱਗੇ ਜਾਣਕਾਰੀ ਦਿੰਦਿਆਂ ਸਲੋਨੀ ਨੇ ਦੱਸਿਆ ਕਿ ਉਨ੍ਹਾਂ ਦਾ ਤਕਰੀਬਨ 20 ਦਿਨ ਪਹਿਲਾਂ ਸਰਬਜੀਤ ਕੌਰ ਨਾਮ ਦੀ ਮਹਿਲਾ ਦੇ ਨਾਲ ਝਗੜਾ ਹੋਇਆ ਸੀ। ਮਹਿਲਾ ਨੇ ਉਸ ਸਮੇਂ ਸਲੋਨੀ ਨੂੰ ਧਮਕੀ ਦਿੱਤੀ ਸੀ ਕਿ ਉਹ ਉਸ ਦੇ ਬੱਚੇ ਨੂੰ ਉਠਵਾ ਲਵੇਗੀ। ਤਕਰੀਬਨ 20 ਦਿਨ ਤੋਂ ਬਾਅਦ ਹੀ ਉਸ ਦਾ ਪੁੱਤਰ ਅਗਵਾ ਹੋ ਗਿਆ।
ਸੀਸੀਟੀਵੀ ਫੁਟੇਜ ਵਿੱਚ ਦਿਖੇ ਅਗਵਾਕਾਰ
ਇਸ ਮਾਮਲੇ ਵਿਚ ਸੇਖਵਾਂ ਥਾਣੇ ਦੀ ਪੁਲਿਸ ਨੇ ਜਾਂਚ ਦੇ ਦੌਰਾਨ ਇਲਾਕੇ ਦੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਤਾਂ ਇਸ ਦੌਰਾਨ ਬੱਚੇ ਨੂੰ ਅਗਵਾ ਕਰਨ ਵਾਲੇ ਦੋ ਮੋਟਰਸਾਈਕਲ ਸਵਾਰਾਂ ਦੀ ਤਸਵੀਰ ਸੀਸੀਟੀਵੀ ਵਿੱਚ ਸਾਹਮਣੇ ਆਈ ਹੈ। ਪੁਲਿਸ ਨੇ ਸੀਸੀਟੀਵੀ ਨੂੰ ਆਪਣੇ ਕਬਜੇ ਵਿੱਚ ਲੈ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।