ASI ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਕੀਤਾ ਦਰਦਨਾਕ ਕੰਮ, ਗੁਆਂਢੀ ਨਾਲ ਮਾਮੂਲੀ ਝਗੜਾ ਬਣਿਆ ਜਾਨਲੇਵਾ, ਕੇਸ ਦਰਜ

Punjab

ਪੰਜਾਬ ਵਿਚ ਜਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਪਿੰਡ ਤਲਵੰਡੀ ਚੌਧਰੀਆਂ ਵਿੱਚ ਮਾਮੂਲੀ ਝਗੜੇ ਤੋਂ ਬਾਅਦ ਪੰਜਾਬ ਪੁਲਿਸ ਦੇ ਥਾਣੇਦਾਰ ਹਰਦੇਵ ਸਿੰਘ ਵਲੋਂ ਆਪਣੀ ਲਾਇਸੈਂਸੀ ਬੰਦੂਕ ਦੇ ਨਾਲ ਗੋਲੀਆਂ ਮਾਰ ਕੇ ਆਪਣੇ ਗੁਆਂਢੀ ਜਸਵੀਰ ਸਿੰਘ ਪੁਤਰ ਮਹਿੰਦਰ ਸਿੰਘ ਦਾ ਕਤਲ ਕਰ ਦੇਣ ਦੀ ਦਰਦਨਾਕ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਮਾਰਨ ਤੋਂ ਬਾਅਦ ASI ਹਰਦੇਵ ਸਿੰਘ ਫਰਾਰ ਹੋ ਗਿਆ ਹੈ। ਇਸ ਵਾਰਦਾਤ ਦੀ ਖਬਰ ਮਿਲਦਿਆਂ ਹੀ ਸਭ ਡਿਵਿਜ਼ਨ ਸੁਲਤਾਨਪੁਰ ਲੋਧੀ ਦੇ DSP ਰਾਜੇਸ਼ ਕੱਕੜ ਅਤੇ ਥਾਣਾ ਇੰਚਾਰਜ ਬਲਜਿੰਦਰ ਸਿੰਘ ਇੰਸਪੈਕਟਰ ਪੁਲਿਸ ਫੋਰਸ ਲੈ ਕੇ ਘਟਨਾ ਵਾਲੀ ਥਾਂ ਤੇ ਪਹੁੰਚੇ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ DSP ਰਾਜੇਸ਼ ਕੱਕੜ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਪਰਿਵਾਰ ਵਲੋਂ ਬਿਆਨ ਦਰਜ ਕਰਵਾ ਕੇ ਦੋਸ਼ੀ ASI ਹਰਦੇਵ ਸਿੰਘ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਅਤੇ ਦੋਸ਼ੀ ਥਾਣੇਦਾਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਆਂ ਚਲਾ ਕੇ ਜਸਵੀਰ ਸਿੰਘ ਦਾ ਕਤਲ ਕਰਨ ਵਾਲਾ ਥਾਣੇਦਾਰ ਹਰਦੇਵ ਸਿੰਘ ਕਪੂਰਥਲਾ ਵਿੱਚ ਤੈਨਾਤ ਹੈ ਜੋਕਿ ਪਿੰਡ ਤਲਵੰਡੀ ਚੌਧਰੀਆਂ ਦਾ ਰਹਿਣ ਵਾਲਾ ਹੈ।

ਉਨ੍ਹਾਂ ਨੇ ਦੱਸਿਆ ਕਿ ਪੀਡ਼ਤ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਜਸਵੀਰ ਸਿੰਘ ਅਤੇ ਥਾਣੇਦਾਰ ਹਰਦੇਵ ਸਿੰਘ ਦਾ ਆਮਣੇ ਸਾਹਮਣੇ ਗੁਆਂਢ ਵਿੱਚ ਘਰ ਹੈ। ਉਨ੍ਹਾਂ ਨੇ ਦੱਸਿਆ ਕਿ ਘਰ ਦੀ ਇਮਾਰਤ ਬਣਾਉਣ ਨੂੰ ਲੈ ਕੇ ਜਸਵੀਰ ਸਿੰਘ ਦੇ ਨਾਲ ਕੱਲ ਵੀ ਮਾਮੂਲੀ ਤਕਰਾਰ ਹੋਈ ਅਤੇ ਅੱਜ ਫਿਰ ਗੱਡੀ ਕੱਢਣ ਨੂੰ ਲੈ ਕੇ ਦੋਵਾਂ ਵਿੱਚ ਬਹਿਸ ਹੋ ਗਈ। ਇਸ ਦੌਰਾਨ ਥਾਣੇਦਾਰ ਹਰਦੇਵ ਸਿੰਘ ਆਪਣੀ ਲਾਇਸੈਂਸੀ ਬੰਦੂਕ ਲੈ ਕੇ ਆਇਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਲੱਗਣ ਨਾਲ ਜਸਵੀਰ ਸਿੰਘ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਤੁਰੰਤ ਪਹਿਲਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਲਈ ਲਿਜਾਇਆ ਗਿਆ ਜਿੱਥੇ ਹਾਲਤ ਨਾਜਕ ਹੋਣ ਦੇ ਕਾਰਨ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਗੋਲੀ ਉਸ ਦੇ ਗਲੇ ਵਿੱਚ ਆਰ ਪਾਰ ਹੋ ਜਾਣ ਕਾਰਨ ਉਸ ਦੀ ਮੌਤ ਹੋ ਗਈ।

ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਜਸਵੀਰ ਸਿੰਘ ਦੇ ਵੱਡੇ ਭਰਾ ਅਤੇ ਜਸਵੀਰ ਸਿੰਘ ਦੀ ਪਤਨੀ ਨੇ ਮੰਗ ਕੀਤੀ ਹੈ ਕਿ ਦੋਸ਼ੀ ਥਾਣੇਦਾਰ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਪੁਲਿਸ ਦੀ ਨੌਕਰੀ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ।

Leave a Reply

Your email address will not be published. Required fields are marked *