ਪੰਜਾਬ ਵਿੱਚ ਤਰਨਤਾਰਨ ਦੇ ਚੋਹਲਾ ਸਾਹਿਬ ਵਿੱਚ ਜ਼ਮੀਨੀ ਝਗੜੇ ਦੇ ਚਲਦੇ ਤਿੰਨ ਨੌਜਵਾਨਾਂ ਨੇ ਇੱਕ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਰਨ ਵਾਲੀ ਮਹਿਲਾ ਦੀ ਪਹਿਚਾਣ ਰਾਜਬੀਰ ਕੌਰ ਉਮਰ 28 ਸਾਲ ਦੇ ਰੂਪ ਵਿੱਚ ਹੋਈ ਹੈ। ਉਸ ਦੇ ਤਿੰਨ ਬੱਚੇ ਹਨ। ਹਮਲੇ ਤੋਂ ਬਾਅਦ ਤਿੰਨੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਹਨ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੂਰਵ ਸਰਪੰਚ ਕਸ਼ਮੀਰ ਸਿੰਘ ਅਤੇ ਪਿੰਡ ਵਿੱਚ ਹੀ ਰਹਿਣ ਵਾਲੇ ਸੁਖਵਿੰਦਰ ਸਿੰਘ ਦੇ ਪਰਿਵਾਰ ਵਿੱਚ ਕਈ ਦਿਨਾਂ ਤੋਂ ਜ਼ਮੀਨ ਦੇ ਬਟਵਾਰੇ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ। ਇਸ ਝਗੜੇ ਦੀ ਸ਼ਿਕਾਇਤ ਵੀ ਚੋਹਲਾ ਸਾਹਿਬ ਥਾਣੇ ਵਿੱਚ ਲਿਖਵਾਈ ਗਈ। ਇਸ ਮਾਮਲੇ ਵਿੱਚ ਰਾਜੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਲੇਕਿਨ ਉਸ ਤੋਂ ਪਹਿਲਾਂ ਹੀ ਮੰਗਲਵਾਰ ਦੁਪਹਿਰ ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਪ੍ਰਭਜੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਪੂਰਵ ਸਰਪੰਚ ਕਸ਼ਮੀਰ ਸਿੰਘ ਦੇ ਘਰ ਵਿੱਚ ਵੜ ਗਏ ਅਤੇ ਗਾਲ੍ਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਨਾਲ ਹੀ ਦੋਸ਼ੀਆਂ ਨੇ 12 ਬੋਰ ਦੀ ਬੰਦੂਕ ਨਾਲ ਫਾਇਰਿੰਗ ਵੀ ਸ਼ੁਰੂ ਕਰ ਦਿੱਤੀ। ਪਰਿਵਾਰ ਨੇ ਲੁਕ ਕੇ ਆਪਣੀ ਜਾਨ ਬਚਾਈ ਲੇਕਿਨ ਇੱਕ ਗੋਲੀ ਕੋਲ ਹੀ ਖੜੀ ਰਾਜਬੀਰ ਕੌਰ ਨੂੰ ਲੱਗ ਗਈ। ਰਾਜਬੀਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਕੁੱਝ ਸਾਲ ਪਹਿਲਾਂ ਹੀ ਹੋਈ ਸੀ ਪਤੀ ਦੀ ਮੌਤ
ਮ੍ਰਿਤਕ ਰਾਜਬੀਰ ਕੌਰ ਦੀ ਉਮਰ ਅਜੇ ਸਿਰਫ 28 ਸਾਲ ਸੀ। ਉਸ ਦੇ ਪਤੀ ਦੀ ਕੁੱਝ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਉਹ ਆਪਣੇ ਆਪ ਹੀ ਆਪਣੇ ਤਿੰਨ ਛੋਟੇ ਬੱਚਿਆਂ ਨੂੰ ਪਾਲ ਰਹੀ ਸੀ। ਲੇਕਿਨ ਹੁਣ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਵੀ ਉਠ ਗਿਆ। ਇਸ ਮਾਮਲੇ ਤੇ SHO ਕੁਲਵੰਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਛੇਤੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।