ਪੰਜਾਬ ਵਿਚ ਜਿਲ੍ਹਾ ਜਲੰਧਰ ਦੇ ਪ੍ਰਾਗਪੁਰ ਪੁਲਿਸ ਚੌਕੀ ਦੇ ਅਧੀਨ ਪੈਂਦੇ ਏਰੀਏ ਨਿਊ ਡਿਫੈਂਸ ਕਲੋਨੀ ਵਿੱਚ ਅੱਜ ਸਵੇਰੇ 7: 00 ਵਜੇ ਦੇ ਕਰੀਬ ਨਕਾਬਪੋਸ਼ ਲੁਟੇਰਿਆਂ ਨੇ ਇੱਕ ਘਰ ਵਿੱਚ ਵੜਕੇ ਦਾਤਰ ਅਤੇ ਪਿਸਟਲ ਦੀ ਨੋਕ ਤੇ ਇੱਕ ਨੌਜਵਾਨ ਨੂੰ ਪਹਿਲਾਂ ਧਮਕਾਇਆ ਅਤੇ ਫਿਰ ਉਸ ਨੂੰ ਬੰਧਕ ਬਣਾਉਣ ਤੋਂ ਬਾਅਦ ਅਲਮਾਰੀ ਵਿੱਚ ਪਏ ਕਰੀਬ 12 ਲੱਖ ਰੁਪਏ ਦੇ ਗਹਿਣੇ ਕੱਢ ਕੇ ਫਰਾਰ ਹੋ ਗਏ । ਦਿਨ ਦਿਹਾੜੇ ਹੋਈ ਇਸ ਵਾਰਦਾਤ ਦੀ ਸੂਚਨਾ ਮਿਲਦਿਆਂ ਸਾਰ ਹੀ ਪ੍ਰਾਗਪੁਰ ਪੁਲਿਸ ਚੌਕੀ ਦੇ ਇੰਨਚਾਰਜ ਸੁਰਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵਾਰਦਾਤ ਵਾਲੀ ਥਾਂ ਮੌਕੇ ਉੱਤੇ ਪਹੁੰਚੇ ਅਤੇ ਜਾਂਚ ਪੜਤਾਲ ਸ਼ੁਰੂ ਕੀਤੀ।
ਇਸ ਮਾਮਲੇ ਸਬੰਧੀ ਜਾਗ੍ਰਤ ਸਿੰਘ ਪੁੱਤਰ ਰਾਜਿੰਦਰ ਸਿੰਘ ਨਾਮ ਦੇ ਨੌਜਵਾਨ ਨੇ ਪੁਲਿਸ ਨੂੰ ਬਿਆਨ ਦਿੰਦੇ ਹੋਇਆਂ ਕਿਹਾ ਕਿ ਉਹ ਵਾਰਦਾਤ ਦੇ ਸਮੇਂ ਘਰ ਵਿੱਚ ਇਕੱਲਾ ਹੀ ਸੀ। ਉਸ ਨੇ ਦੱਸਿਆ ਕਿ ਉਸ ਦੀ ਮਾਂ ਨਵਦੀਪ ਕੌਰ ਸਵੇਰੇ ਸਕੂਲ ਚਲੀ ਗਈ ਅਤੇ ਉਸ ਦੀ ਨਾਨੀ ਰਾਜਿੰਦਰ ਕੌਰ ਗੁਰਦੁਆਰਾ ਸਾਹਿਬ ਵਿੱਚ ਗਈ ਹੋਈ ਸੀ। ਉਸ ਨੇ ਦੱਸਿਆ ਕਿ ਮਾਸਕ ਅਤੇ ਹੈਲਮੇਟ ਪਹਿਨੇ ਹੋਏ ਦੋ ਨੌਜਵਾਨ ਘਰ ਵਿੱਚ ਆਏ।
ਉਨ੍ਹਾਂ ਦੇ ਕੋਲ ਦਾਤਰ ਅਤੇ ਪਿਸਟਲ ਵੀ ਸੀ। ਉਨ੍ਹਾਂ ਨੇ ਆਉਂਦੇ ਹੀ ਉਸ ਨੂੰ ਧਮਕਾਉਂਦੇ ਹੋਏ ਘਰ ਵਿੱਚ ਪਏ ਕੈਸ਼ ਅਤੇ ਗਹਿਣੀਆਂ ਦੇ ਬਾਰੇ ਵਿੱਚ ਪੁੱਛਿਆ ਅਤੇ ਉਸ ਦੇ ਨਾ ਦੱਸਣ ਉੱਤੇ ਲੁਟੇਰਿਆਂ ਨੇ ਉਸ ਨੂੰ ਬੰਧਕ ਬਣਾ ਦਿੱਤਾ ਅਤੇ ਅਲਮਾਰੀ ਖੋਲ੍ਹ ਕੇ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਅੰਦਰ ਪਏ ਸੋਨੇ ਦੇ ਸਾਰੇ ਗਹਿਣੇ ਜਿਨ੍ਹਾਂ ਦੀ ਕੀਮਤ ਕਰੀਬ 12, 00, 000 ਹੋਵੇਗੀ, ਕੱਢ ਲਏ ਅਤੇ ਫਰਾਰ ਹੋ ਗਏ।
ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ਤੇ ਪਤਾ ਚਲਿਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਐਕਟਿਵਾ ਤੇ ਆਏ ਸਨ ਅਤੇ ਉਨ੍ਹਾਂ ਦੇ ਹੈਲਮੇਟ ਅਤੇ ਮਾਸਕ ਪਹਿਨੇ ਹੋਏ ਸਨ। ਪ੍ਰਾਗਪੁਰ ਪੁਲਿਸ ਚੌਕੀ ਦੇ ਇੰਨਚਾਰਜ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਖੋ ਵੱਖ ਪਹਿਲੂਆਂ ਤੋਂ ਜਾਂਚ ਕਰਦੇ ਹੋਏ ਲੁਟੇਰਿਆਂ ਦੀ ਤਲਾਸ਼ ਕਰ ਰਹੀ ਹੈ ਅਤੇ ਜਲਦੀ ਹੀ ਇਸ ਵਾਰਦਾਤ ਨੂੰ ਟਰੇਸ ਕਰ ਲਿਆ ਜਾਵੇਗਾ।