ਆਪਣੇ ਹੀ ਘਰ ਦੇ ਨਜਦੀਕ ਸ਼ੱਕੀ ਹਾਲਤ ਵਿੱਚ ਮਿਲਿਆ, ਰਿਟਾਇਰਡ ਫੌਜੀ ਦਾ ਮ੍ਰਿਤਕ ਸਰੀਰ, ਪੁਲਿਸ ਜਾਂਚ ਜਾਰੀ

Punjab

ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿਚ ਸਾਬਕਾ ਫੌਜੀ ਦਾ ਕਤਲ ਕਰਕੇ ਉਸ ਦੀ ਲਾਸ਼ ਘਰ ਦੇ ਨਜਦੀਕ ਸੜਕ ਕਿਨਾਰੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਮਨਦੀਪ ਸਿੰਘ ਉਮਰ 35 ਸਾਲ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਭੰਗਵਾਂ ਦੇ ਭਰਾ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮਨਦੀਪ ਸਿੰਘ ਫੌਜ ਵਿੱਚ ਨੌਕਰੀ ਕਰਦਾ ਸੀ ਅਤੇ ਰਟਾਇਰ ਹੋ ਚੁੱਕਿਆ ਸੀ। ਰਟਾਇਰ ਹੋਣ ਤੋਂ ਬਾਅਦ ਉਹ ਚੰਡੀਗੜ੍ਹ ਵਿੱਚ ਪ੍ਰਾਈਵੇਟ ਨੌਕਰੀ ਕਰਨ ਲੱਗ ਗਿਆ ਸੀ। ਅਮਰੀਕ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਸੜਕ ਕਿਨਾਰੇ ਕਿਸੇ ਨੌਜਵਾਨ ਦੀ ਲਾਸ਼ ਪਈ ਹੈ। ਉਨ੍ਹਾਂ ਨੇ ਜਦੋਂ ਮੌਕੇ ਉੱਤੇ ਜਾਕੇ ਦੇਖਿਆ ਤਾਂ ਉਹ ਲਾਸ਼ ਉਸਦੇ ਭਰਾ ਮਨਦੀਪ ਸਿੰਘ ਦੀ ਸੀ। ਅਮਰੀਕ ਸਿੰਘ ਨੇ ਪੁਲਿਸ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਮਨਦੀਪ ਦਾ ਕਿਸੇ ਨੇ ਕਤਲ ਕਰਕੇ ਉਸ ਦੀ ਲਾਸ਼ ਘਰ ਦੇ ਨਜਦੀਕ ਸੜਕ ਕਿਨਾਰੇ ਸੁੱਟੀ ਹੈ। ਉਨ੍ਹਾਂ ਨੇ ਪੁਲਿਸ ਆਧਿਕਾਰੀਆਂ ਦੇ ਕੋਲੋਂ ਮੰਗ ਕੀਤੀ ਹੈ ਕਿ ਮਨਦੀਪ ਸਿੰਘ ਦੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਘਟਨਾ ਦੀ ਸੂਚਨਾ ਮਿਲਦੇ ਹੀ ਡਾਗ ਸਕਵਾਇਡ ਦੀ ਟੀਮ ਦੇ ਏ. ਐੱਸ. ਆਈ ਗੁਰਨਾਮ ਸਿੰਘ ਅਤੇ ਏ. ਐੱਸ. ਆਈ ਜਵਾਹਰ ਲਾਲ ਨੇ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਨਾਲ ਪੈਂਦੇ ਸਥਾਨਾਂ ਦੀ ਜਾਂਚ ਕੀਤੀ। ਉੱਧਰ ਦੂਜੇ ਪਾਸੇ ਫਿੰਗਰ ਪ੍ਰਿੰਟ ਐਕਸਪਰਟ ਦੀਆਂ ਟੀਮਾਂ ਜਿਸ ਵਿੱਚ ਏ. ਐੱਸ. ਆਈ. ਹਰਪ੍ਰੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਦੇ ਵੱਲੋਂ ਲਾਸ਼ ਦੇ ਆਸਪਾਸ ਤੋਂ ਫਿੰਗਰ ਪ੍ਰਿੰਟਾਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਬਣਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।

ਇਸੇ ਤਰ੍ਹਾਂ ਪੁਲਿਸ ਥਾਣਾ ਕਾਦੀਆਂ ਦੇ ਐਸਐਚਓ ਸੁਖਰਾਜ ਸਿੰਘ ਅਤੇ ਡੀ. ਐਸ. ਪੀ. ਕਾਦੀਆਂ ਜਤਿੰਦਰ ਪਾਲ ਸਿੰਘ ਦੇ ਵਲੋਂ ਪੁਲਿਸ ਫੋਰਸ ਸਮੇਤ ਮੌਕੇ ਉੱਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ ਗਿਆ ਅਤੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਮ੍ਰਿਤਕ ਦੇ ਭਰਾ ਅਮਰੀਕ ਸਿੰਘ ਅਤੇ ਪਰਵਾਰਿਕ ਮੈਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਫਿਲਹਾਲ ਅੱਗੇ ਦੀ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿੱਚ ਭੇਜ ਦਿੱਤੀ ਹੈ।

Leave a Reply

Your email address will not be published. Required fields are marked *