ਪੰਜਾਬ ਵਿਚ ਬੁਢਲਾਡਾ ਦੇ ਪਿੰਡ ਦੌਦੜਾ ਦੇ ਵਿੱਚ ਜ਼ਮੀਨੀ ਝਗੜੇ ਨੂੰ ਲੈ ਕੇ ਪੁੱਤ ਅਤੇ ਨੂੰਹ ਵਲੋਂ ਆਪਣੇ ਪਿਤਾ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਭਾਣਜੇ ਗੁਰਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭੰਮੇ ਕਲਾਂ ਨੇ ਪੁਲਿਸ ਦੇ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਮਾਮਾ ਪ੍ਰੀਤਮ ਸਿੰਘ ਉਮਰ 75 ਸਾਲ ਪੁੱਤਰ ਰਘਵੀਰ ਸਿੰਘ ਦੀ ਹੱਤਿਆ ਉਸ ਦੇ ਪੁੱਤਰ ਅਤੇ ਨੂੰਹ ਆਪਣੇ ਸਾਥੀਆਂ ਨਾਲ ਮਿਲਕੇ ਤੇਜਧਾਰ ਹਥਿਆਰਾਂ ਨਾਲ ਵਾਰ ਕਰਕੇ ਕੀਤੀ ਹੈ।
ਇਨ੍ਹਾਂ ਦੋਸ਼ੀਆਂ ਦੀ ਪਹਿਚਾਣ ਪੁੱਤਰ ਲਾਭ ਸਿੰਘ, ਨੂੰਹ ਹਰਦੀਪ ਕੌਰ ਅਤੇ ਰਿਸ਼ਤੇਦਾਰ ਦਰਸ਼ਨ ਸਿੰਘ ਅਤੇ ਦਰਸ਼ਨ ਸਿੰਘ ਦਾ ਪੁੱਤਰ ਨਿਰਮਲ ਸਿੰਘ ਵਾਸੀ ਘੁੰਮਣ ਕਲਾਂ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਦੀ ਧੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਪਿਛਲੇ ਸਮੇਂ ਦੌਰਾਨ ਆਪਣੀ ਜ਼ਮੀਨ ਆਪਣੇ ਪੁੱਤਰ ਲਾਭ ਸਿੰਘ ਦੇ ਨਾਮ ਕਰਵਾ ਦਿੱਤੀ ਸੀ। ਉਸ ਤੋਂ ਬਾਅਦ ਲਾਭ ਸਿੰਘ ਆਪਣੇ ਪਿਤਾ ਦੀ ਦੇਖਭਾਲ ਅਤੇ ਉਸ ਨੂੰ ਰੋਟੀ ਪਾਣੀ ਚੰਗੀ ਤਰ੍ਹਾਂ ਨਹੀਂ ਦਿੰਦਾ ਸੀ। ਇਸ ਕਾਰਨ ਮ੍ਰਿਤਕ ਪ੍ਰੀਤਮ ਸਿੰਘ ਨੇ ਐਸ. ਡੀ. ਐਮ. ਅਦਾਲਤ ਵਿੱਚ ਆਪਣੀ ਜ਼ਮੀਨ ਵਾਪਸ ਲੈਣ ਦੇ ਲਈ ਦਰਖਵਾਸਤ ਦਿੱਤੀ ਹੋਈ ਸੀ। ਲਾਭ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਗ਼ੁੱਸੇ ਵਿੱਚ ਸਨ। ਇਸ ਰੰਜਸ਼ ਦੇ ਚਲਦਿਆਂ ਉਕਤ ਲੋਕਾਂ ਨੇ ਪ੍ਰੀਤਮ ਸਿੰਘ ਦੀ ਹੱਤਿਆ ਕਰ ਦਿੱਤੀ ਹੈ।
ਇਸ ਸਬੰਧੀ ਮੌਕੇ ਤੇ ਸਦਰ ਥਾਣਾ ਇੰਨਚਾਰਜ ਐਸਐਚਓ ਬੂਟਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰੀਤਮ ਸਿੰਘ ਦੇ ਭਾਣਜੇ ਗੁਰਵਿੰਦਰ ਸਿੰਘ ਦੇ ਬਿਆਨ ਤੇ ਪੁੱਤਰ ਲਾਭ ਸਿੰਘ, ਨੂੰਹ ਹਰਦੀਪ ਕੌਰ ਦੇ ਇਲਾਵਾ ਦਰਸ਼ਨ ਸਿੰਘ ਅਤੇ ਨਿਰਮਲ ਸਿੰਘ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗੀ।