ਪੰਜਾਬ ਦੇ ਜਿਲ੍ਹਾ ਜਲੰਧਰ ਵਿਚ ਬੀਤੀ ਸਾਉਣੀ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਧੀਣਾ ਦੀ ਇੰਦਰਾ ਕਾਲੋਨੀ ਵਿਚ ਐਤਵਾਰ ਦੇਰ ਰਾਤ ਨੂੰ ਵੱਡੀ ਘਟਨਾ ਵਾਪਰ ਗਈ। ਇੱਕ ਪਰਿਵਾਰ ਉੱਤੇ ਉਸ ਵਕਤ ਕਹਿਰ ਬਣਕੇ ਟੁੱਟਿਆ ਜਦੋਂ ਪਰਿਵਾਰ ਵਲੋਂ ਬਣਾਏ ਜਾ ਰਹੇ ਨਵੇਂ ਘਰ ਦੀ ਨਵੀਂ ਨਿਰਮਾਣ ਕੀਤੀ ਕੰਧ ਭਾਰੀ ਤੂਫਾਨ ਦੇ ਨਾਲ ਡਿੱਗ ਗਈ। ਇਸ ਕੰਧ ਦੇ ਡਿੱਗਣ ਕਾਰਨ ਘਰ ਵਿੱਚ ਸੌਂ ਰਹੀਆਂ ਦੋ ਔਰਤਾਂ ਦੀ ਮਲਬੇ ਹੇਠ ਆ ਕੇ ਮੌਕੇ ਉੱਤੇ ਹੀ ਮੌਤ ਹੋ ਗਈ। ਜਦੋਂ ਕਿ ਚਾਰ ਲੋਕ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ।
ਰੌਲਾ ਸੁਣ ਲੋਕ ਹੋਏ ਇਕੱਠੇ ਮਲਬਾ ਹਟਾਇਆ
ਕੰਧ ਡਿੱਗਣ ਕਾਰਨ ਚੀਖ ਚਿਹਾੜਾ ਮੱਚ ਗਿਆ। ਅਵਾਜ ਸੁਣਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਜਿਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਵਲੋਂ ਜਖ਼ਮੀਆਂ ਨੂੰ ਮਲਬੇ ਦੇ ਹੇਠੋਂ ਬਾਹਰ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਦੋਵਾਂ ਔਰਤਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਦੋਂ ਕਿ ਬਾਕੀ ਚਾਰਾਂ ਦਾ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਥਾਣਾ ਸਦਰ ਇੰਚਾਰਜ ਅਜਾਇਬ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿਚ ਮਰਨ ਵਾਲੇ ਲੋਕਾਂ ਦੀ ਪਹਿਚਾਣ ਵੰਦਨਾ ਉਮਰ 18 ਸਾਲ ਅਤੇ ਉਸ ਦੀ ਭਰਜਾਈ ਮਨਪ੍ਰੀਤ ਕੌਰ ਉਮਰ 45 ਸਾਲ ਦੇ ਰੂਪ ਵਿੱਚ ਹੋਈ। ਜਦੋਂ ਕਿ ਜਖ਼ਮੀਆਂ ਦੀ ਪਹਿਚਾਣ ਰਾਜਕੁਮਾਰ ਅਤੇ ਉਸ ਦੇ ਪੁੱਤਰ ਮੋਹਿਤ ਦੇ ਰੂਪ ਵਿੱਚ ਹੋਈ ਹੈ।
ਇਸ ਘਟਨਾ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਰਾਜਕੁਮਾਰ ਦੇ ਗੁਆਂਢ ਵਿੱਚ ਇੱਕ ਨਵੇਂ ਨਿਰਮਾਣ ਅਧੀਨ ਮਕਾਨ ਦਾ ਕੰਮ ਕਾਜ ਚੱਲ ਰਿਹਾ ਸੀ। ਬੀਤੀ ਰਾਤ ਦੂਜੀ ਮੰਜਿਲ ਦੇ ਉੱਤੇ ਰਾਜ ਮਿਸਤਰੀ ਨੇ ਇੱਟ ਦੀ 4 ਇੰਚ ਦੀ ਇਕ ਦੀਵਾਰ ਨੂੰ ਖੜ੍ਹਾ ਕੀਤਾ ਸੀ। ਉਸ ਰਾਤ ਹੀ ਭਾਰੀ ਤੂਫਾਨ ਆ ਗਿਆ ਅਤੇ ਆਪਣੇ ਘਰ ਦੇ ਬਰਾਂਡੇ ਵਿੱਚ ਸੌ ਰਹੇ ਰਾਜਕੁਮਾਰ ਦੇ ਪਰਿਵਾਰ ਦੇ ਉੱਤੇ ਇਹ ਨਵੀਂ ਬਣਾਈ ਦੀਵਾਰ ਜਾ ਡਿੱਗੀ।