ਪੰਜਾਬ ਵਿਚ ਜਿਲ੍ਹਾ ਫਰੀਦਕੋਟ, ਕੋਟਕਪੂਰਾ ਰੋਡ ਉੱਤੇ ਨਹਿਰ ਪੁੱਲ ਦੇ ਨੇੜੇ ਮਾਮੂਲੀ ਝਗੜੇ ਕਾਰਨ ਇੱਕ ਕੈਂਟਰ ਡਰਾਈਵਰ ਦੀ ਕੁੱਟਮਾਰ ਕਰਕੇ ਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਇੰਦਰਹਰਪਾਲ ਸਿੰਘ ਵਾਸੀ ਪਟਿਆਲਾ ਦੇ ਤ੍ਰਿਪੜੀ ਦੇ ਮਿਰਜਾ ਪਿੰਡ ਦੇ ਰੂਪ ਵਿੱਚ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ 3 ਦੋਸ਼ੀਆਂ ਦੇ ਖਿਲਾਫ ਮਾਮਲੇ ਨੂੰ ਦਰਜ ਕਰ ਲਿਆ ਹੈ। ਤਿੰਨਾਂ ਦੋਸ਼ੀਆਂ ਬਬਲਪ੍ਰੀਤ ਸਿੰਘ ਵਾਸੀ ਪਿੰਡ ਵੀਰੇਵਾਲਾ, ਗੋਰਾ ਅਤੇ ਬੱਬੂ ਮਕੈਨਿਕ ਵਾਸੀ ਫਰੀਦਕੋਟ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਸਬੰਧੀ ਮ੍ਰਿਤਕ ਦੇ ਸਾਲੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਰਿਫਲੈਕਸ ਮੋਰ ਕੰਪਨੀ ਦੇ ਕੈਂਟਰ ਵਿੱਚ ਡਰਾਇਵਰ ਦਾ ਕੰਮ ਕਰਦਾ ਸੀ ਅਤੇ ਉਹ ਫਲਿਪਕਾਰਡ ਕੰਪਨੀ ਦਾ ਮਾਲ ਲੈ ਕੇ ਫਰੀਦਕੋਟ ਆਇਆ ਸੀ। ਉਸ ਦੇ ਮਾਲਿਕ ਨਮਨ ਸਿੰਗਲਾ ਨੇ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਇੰਦਰਹਰਪਾਲ ਸਿੰਘ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਲਾਸ਼ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿੱਚ ਹੈ। ਫਰੀਦਕੋਟ ਪਹੁੰਚ ਕੇ ਜਦੋਂ ਉਸ ਦੀ ਪਤਨੀ ਸਰਬਜੀਤ ਕੌਰ ਨੇ ਜਾਂਚ ਕੀਤੀ ਤਾਂ ਮੌਕੇ ਉੱਤੇ ਗਵਾਹ ਮਾਈ ਗੋਦੜੀ ਵਾਸੀ ਜਗਰੂਪ ਸਿੰਘ ਨੇ ਦੱਸਿਆ ਕਿ ਘਟਨਾ ਦੇ ਵਕਤ ਉਹ ਵੀ ਕੈਂਟਰ ਦੇ ਪਿੱਛੇ ਆ ਰਿਹਾ ਸੀ। ਜਦੋਂ ਕੈਂਟਰ ਨਹਿਰ ਦੇ ਪੁੱਲ ਉੱਤੇ ਪਹੁੰਚਿਆ ਤਾਂ ਸਕੋਡਾ ਕਾਰ ਦੇ ਵਿੱਚ ਸਵਾਰ ਦੋਸ਼ੀ ਨੇ ਕੈਂਟਰ ਨੂੰ ਰੋਕਿਆ, ਡਰਾਇਵਰ ਇੰਦਰਹਰਪਾਲ ਸਿੰਘ ਨੂੰ ਹੇਠਾਂ ਉਤਾਰ ਕੇ ਬੁਰੀ ਤਰ੍ਹਾਂ ਕੁੱਟਿਆ ਜਿਸ ਦੇ ਗੰਭੀਰ ਅੰਦਰੂਨੀ ਸੱਟਾਂ ਆਈਆਂ।
ਉਥੇ ਮੌਕੇ ਉੱਤੇ ਇਕੱਠੇ ਹੋਏ ਲੋਕਾਂ ਨੇ ਐਬੁਲੈਂਸ ਬੁਲਾਈ ਅਤੇ ਇੰਦਰਹਰਪਾਲ ਸਿੰਘ ਨੂੰ ਮੈਡੀਕਲ ਕਾਲਜ ਹਸਪਤਾਲ ਲੈ ਗਏ ਜਿੱਥੇ ਉਸਦੀ ਮੌਤ ਹੋ ਗਈ। ਇਸ ਕੇਸ ਬਾਰੇ ਥਾਣਾ ਇੰਨਚਾਰਜ ਸੰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ ਤੇ ਤਿੰਨ ਦੋਸ਼ੀਆਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।