ਇਹ ਮੰਦਭਾਗੀ ਖ਼ਬਰ ਪੰਜਾਬ ਦੇ ਖੰਨਾ ਦੀ ਤਹਿਸੀਲ ਪਾਇਲ ਤੋਂ ਸਾਹਮਣੇ ਆਈ ਹੈ। ਪਾਇਲ ਤਹਿਸੀਲ ਦੇ ਪਿੰਡ ਰੌਣੀ ਵਿੱਚ ਦਿਨ ਮੰਗਲਵਾਰ ਨੂੰ ਖੇਤਾਂ ਵਿੱਚ ਮੋਟਰ ਦੇ ਟੁੱਟੇ ਹੋਏ ਸ਼ੈਡ ਦੀ ਰਿਪੇਅਰ ਕਰ ਰਹੇ ਦੋ ਕਿਸਾਨਾਂ ਦੀ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆਉਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬਚਾਉਣ ਲਈ ਨੇੜੇ ਗਏ ਪੰਜ ਮਜਦੂਰ ਵੀ ਕਰੰਟ ਲੱਗਣ ਕਾਰਨ ਝੁਲਸਣ ਦੀ ਵਜ੍ਹਾ ਕਰਕੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ ਹਨ।
ਇਨ੍ਹਾਂ ਮ੍ਰਿਤਕ ਕਿਸਾਨਾਂ ਦੀ ਪਹਿਚਾਣ ਕੁਲਜੀਤ ਸਿੰਘ ਉਮਰ 47 ਸਾਲ ਅਤੇ ਹਰਵੀਰ ਸਿੰਘ ਉਮਰ 25 ਸਾਲ ਦੇ ਰੂਪ ਵਿੱਚ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇੱਕ ਦਿਨ ਪਹਿਲਾਂ ਆਈ ਹਨ੍ਹੇਰੀ ਦੇ ਨਾਲ ਖੇਤ ਵਿੱਚ ਮੋਟਰ ਦਾ ਸ਼ੈਡ ਟੁੱਟਣ ਕਰਕੇ ਕੁਲਜੀਤ ਸਿੰਘ ਅਤੇ ਹਰਵੀਰ ਸਿੰਘ ਮੰਗਲਵਾਰ ਦੀ ਸ਼ਾਮ ਨੂੰ ਉਸ ਸ਼ੈਡ ਦੀ ਰਿਪੇਅਰ ਕਰ ਰਹੇ ਸਨ। ਇਸ ਦੌਰਾਨ ਉੱਤੋਂ ਦੀ ਗੁਜਰ ਰਹੀਆਂ ਹਾਈ ਵੋਲਟੇਜ ਤਾਰਾਂ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕਰੰਟ ਲੱਗਣ ਨਾਲ ਦੋਵਾਂ ਦੇ ਸਰੀਰ ਬੁਰੀ ਤਰ੍ਹਾਂ ਝੁਲਸ ਗਏ ਅਤੇ ਉਨ੍ਹਾਂ ਦੋਵਾਂ ਦੀ ਮੌਕੇ ਉੱਤੇ ਹੀ ਮੌਤ ਗਈ। ਜਖ਼ਮੀ ਪੰਜ ਮਜਦੂਰਾਂ ਵਿੱਚੋਂ ਤਿੰਨ ਦਾ ਪਿੰਡ ਵਿੱਚ ਹੀ ਇਲਾਜ ਕੀਤਾ ਗਿਆ ਜਦੋਂ ਕਿ ਦੋ ਮਜਦੂਰਾਂ ਨੂੰ ਖੰਨੇ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।
ਹਰਵੀਰ ਸਿੰਘ ਦੇ ਪਿਤਾ ਦੀ ਵੀ ਕਰੰਟ ਲੱਗਣ ਕਾਰਨ ਹੋਈ ਸੀ ਮੌਤ
ਇਸ ਹਾਦਸੇ ਵਿਚ ਮ੍ਰਿਤਕ ਹਰਵੀਰ ਸਿੰਘ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਹਰਵੀਰ ਸਿੰਘ ਦੇ ਪਿਤਾ ਜਸਪਾਲ ਸਿੰਘ ਦੀ ਵੀ ਕੁੱਝ ਸਾਲ ਪਹਿਲਾਂ ਕਰੰਟ ਲੱਗਣ ਕਾਰਨ ਹੀ ਮੌਤ ਹੋ ਗਈ ਸੀ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਈ ਵਾਰ ਬਿਜਲੀ ਵਿਭਾਗ ਨੂੰ ਤਾਰਾਂ ਹਟਾਉਣ ਨੂੰ ਕਿਹਾ ਜਾ ਚੁੱਕਿਆ ਹੈ ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧ ਵਿਚ ਰੌਣੀ ਚੌਂਕੀ ਇੰਨਚਾਰਜ ਪਰਗਟ ਸਿੰਘ ਦੇ ਦੱਸਣ ਅਨੁਸਾਰ ਲਾਸ਼ਾਂ ਨੂੰ ਸਿਵਲ ਅਸਪਤਾਲ ਖੰਨਾ ਵਿੱਚ ਰੱਖਿਆ ਗਿਆ ਹੈ। ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।