ਪ੍ਰਮਾਤਮਾ ਵੀ ਕਈ ਵਾਰ ਬਹੁਤ ਜਿਆਦਾ ਹੀ ਧੱਕਾ ਕਰ ਜਾਂਦਾ ਹੈ, ਪਰ ਉਸ ਦੀਆਂ ਲਿਖੀਆਂ ਕੌਣ ਮੋੜੇ। ਇਸ ਤਰ੍ਹਾਂ ਹੀ ਅੰਮ੍ਰਿਤਸਰ ਜਿਲ੍ਹੇ ਦਾ ਇਹ ਪਰਿਵਾਰ ਵੀ ਦੁੱਖ ਦੇ ਹਨੇਰੇ ਵਿਚ ਘਿਰ ਗਿਆ ਹੈ। ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਤਰਨਤਾਰਨ, ਖਡੂਰ ਸਾਹਿਬ ਵਾਸੀ ਕਿਸਾਨ ਬਲਵਿਦਰ ਸਿੰਘ ਦੇ ਪੁੱਤਰ ਭੁਪਿੰਦਰ ਸਿੰਘ ਉਮਰ 23 ਸਾਲ ਦੀ ਮੰਗਲਵਾਰ ਨੂੰ ਪਿੰਡ ਤਖਤੂਚੱਕ ਦੇ ਕੋਲ ਇਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਬਲਵਿਦਰ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਨੂੰ ਕੋਈ ਰੋਜਗਾਰ ਨਹੀਂ ਮਿਲ ਰਿਹਾ ਸੀ। ਘਰ ਦਾ ਗੁਜਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਸੀ। ਇਸ ਦੇ ਚਲਦਿਆਂ ਭੁਪਿੰਦਰ ਸਿੰਘ ਨੇ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਸਾਊਦੀ ਅਰਬ ਜਾਣ ਦਾ ਫੈਸਲਾ ਕੀਤਾ। ਇਸ ਦੌਰਾਨ ਸਾਊਦੀ ਅਰਬ ਦਾ ਵੀਜਾ ਵੀ ਲੱਗ ਗਿਆ। ਸਾਊਦੀ ਅਰਬ ਦੀ ਟਿਕਟ ਵੀ 29 ਮਈ ਲਈ ਬੁੱਕ ਕਰਵਾ ਦਿੱਤੀ ਗਈ ਸੀ।
ਮੰਗਲਵਾਰ ਨੂੰ ਭੁਪਿੰਦਰ ਸਿੰਘ ਖਰੀਦੋ ਫਰੋਖਤ ਕਰਨ ਦੇ ਲਈ ਘਰ ਤੋਂ ਜੰਡਿਆਲਾ ਗੁਰੂ ਲਈ ਸਵਿਫਟ ਕਾਰ (ਪੀਬੀ46ਜੇਡ – 8400) ਦੇ ਵਿੱਚ ਰਵਾਨਾ ਹੋਇਆ। ਜੰਡਿਆਲਾ ਗੁਰੂ ਜਾਂਦੇ ਸਮੇਂ ਪਿੰਡ ਤਖਤੂਚੱਕ ਦੇ ਕੋਲ ਸਵਿਫਟ ਕਾਰ ਬੇਕਾਬੂ ਹੋਕੇ ਦਰਖਤ ਨਾਲ ਜਾ ਟਕਰਾਈ। ਇਸ ਹਾਦਸੇ ਦੇ ਵਿੱਚ ਭੁਪਿੰਦਰ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਵੈਰੋਵਾਲ ਦੇ ਇੰਨਚਾਰਜ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਤਕਰੀਬਨ ਇੱਕ ਸਾਲ ਪਹਿਲਾਂ ਭੁਪਿੰਦਰ ਸਿੰਘ ਦੇ ਭਰਾ ਦੀ ਹੋਈ ਸੀ ਮੌਤ
ਮ੍ਰਿਤਕ ਦੇ ਪਿਤਾ ਬਲਵਿਦਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਸਨ। ਇੱਕ ਸਾਲ ਪਹਿਲਾਂ ਉਸ ਦੇ ਵੱਡੇ ਪੁੱਤਰ ਜਸਪਾਲ ਸਿੰਘ ਦੀ ਵੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਅਜੇ ਜਸਪਾਲ ਸਿੰਘ ਦੀ ਮੌਤ ਨੂੰ ਪਰਿਵਾਰ ਭੁੱਲ ਨਹੀਂ ਸਕਿਆ ਸੀ ਕਿ ਭੁਪਿੰਦਰ ਸਿੰਘ ਦੀ ਮੌਤ ਕਾਰਨ ਪਰਿਵਾਰ ਉੱਤੇ ਦੁਬਾਰਾ ਦੁਖਾਂ ਦਾ ਪਹਾੜ ਟੁੱਟ ਗਿਆ। ਖਡੂਰ ਸਾਹਿਬ ਦੇ ਵਿਧਾਇਕ ਮਨਜਿਦਰ ਸਿੰਘ ਲਾਲਪੁਰਾ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਰਵਿਦਰ ਸਿੰਘ ਬ੍ਰਹਮਪੁਰਾ ਨੇ ਬਲਵਿਦਰ ਸਿੰਘ ਅਤੇ ਉਸ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ।