ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਜੀਟੀਬੀ ਨਗਰ ਇਲਾਕੇ ਵਿੱਚ ਬੁੱਧਵਾਰ ਦੀ ਸਵੇਰੇ ਉਸ ਵਕਤ ਸਨਸਨੀ ਫੈਲ ਗਈ। ਜਦੋਂ ਅਣਪਛਾਤੇ ਹਤਿਆਰਿਆਂ ਨੇ ਏਅਰ ਫੋਰਸ ਦੇ ਰਿਟਾਇਰਡ ਅਧਿਕਾਰੀ ਅਤੇ ਉਸ ਦੀ ਪਤਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਹਤਿਆਰੇ ਕੰਧ ਟੱਪ ਕੇ ਘਰ ਵਿੱਚ ਵੜੇ ਸਨ। ਉਹ ਜਾਂਦੇ ਵਕਤ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਇਨ੍ਹਾਂ ਹੱਤਿਆਵਾਂ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਏਅਰ ਫੌਜ ਦੇ ਰਿਟਾਇਰਡ ਅਧਿਕਾਰੀ ਭੂਪਿੰਦਰ ਸਿੰਘ ਦਾ ਪੋਤਾ ਕਿਸੇ ਕੰਮ ਲਈ ਉੱਤੇ ਗਿਆ।
ਪੋਤੇ ਨੇ ਮਰੇ ਪਏ ਦਾਦਾ ਦਾਦੀ ਨੂੰ ਦੇਖ ਕੇ ਰੌਲਾ ਪਾਇਆ ਅਤੇ ਇਸ ਦੀ ਜਾਣਕਾਰੀ ਪਿਤਾ ਹਰਮੀਤ ਸਿੰਘ ਉਰਫ ਮਣੀ ਨੂੰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਜਵਾਇੰਟ ਪੁਲਿਸ ਕਮਿਸ਼ਨਰ ਦਿਹਾਤੀ ਰਵਚਰਨ ਸਿੰਘ ਬਰਾੜ, ਏਡੀਸੀ 3 ਤੁਸ਼ਾਰ ਗੁਪਤਾ ਦੇ ਨਾਲ ਹੋਰ ਪੁਲਿਸ ਅਤੇ ਫਾਰੈਂਸਿਕ ਟੀਮ ਵੀ ਉੱਥੇ ਪਹੁੰਚ ਗਈ।
ਉਸ ਥਾਂ ਤੋਂ ਪੁਲਿਸ ਨੂੰ ਕਈ ਅਜਿਹੇ ਸੁਰਾਗ ਮਿਲੇ ਹਨ ਜਿਨ੍ਹਾਂ ਨਾਲ ਹਤਿਆਰਿਆਂ ਤੱਕ ਪਹੁੰਚਣ ਵਿੱਚ ਪੁਲਿਸ ਨੂੰ ਕਾਫ਼ੀ ਸੌਖ ਹੋਵੇਗੀ। ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਦੀ ਜਾਂਚ ਵਿੱਚ ਪਤਾ ਚਲਿਆ ਹੈ ਕਿ ਹਤਿਆਰਿਆਂ ਦੀ ਐਂਟਰੀ ਫਰੈਂਡਲੀ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਰਿਟਾਇਰਡ ਅਧਿਕਾਰੀ ਭੂਪਿੰਦਰ ਸਿੰਘ ਉਮਰ 68 ਸਾਲ ਅਤੇ ਉਨ੍ਹਾਂ ਦੀ ਪਤਨੀ ਸੁਸ਼ਪਿੰਦਰ ਕੌਰ ਉਮਰ 62 ਸਾਲ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਜਮਾਲਪੁਰ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੋਸ਼ੀਆਂ ਦਾ ਪਤਾ ਲਾਉਣ ਵਿੱਚ ਲੱਗੀ ਹੋਈ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਭੂਪਿੰਦਰ ਸਿੰਘ ਪਹਿਲਾਂ ਹਵਾਈ ਫੌਜ ਦੇ ਆਡਿਟ ਵਿਭਾਗ ਵਿੱਚ ਕੰਮ ਕਰਦੇ ਸਨ। ਜਦੋਂ ਕਿ 2008 ਵਿੱਚ ਉਨ੍ਹਾਂ ਨੇ ਪ੍ਰਿੰਸਾ ਕਲੋਨੀ 33 ਫੁਟਾ ਰੋਡ ਉੱਤੇ ਕਰਤਾਰ ਕਾਨਵੈਂਟ ਦੇ ਨਾਮ ਨਾਲ ਸਕੂਲ ਖੋਲਿਆ ਸੀ। ਰਿਟਾਇਰਮੈਂਟ ਤੋਂ ਬਾਅਦ ਉਹ, ਉਨ੍ਹਾਂ ਦੀ ਪਤਨੀ ਅਤੇ ਨੂੰਹ ਹਰਪ੍ਰੀਤ ਕੌਰ ਸਕੂਲ ਜਾਂਦੇ ਸਨ। ਪੁੱਤਰ ਹਰਮੀਤ ਸਿੰਘ ਪ੍ਰਾਪਰਟੀ ਡੀਲਿੰਗ ਦੇ ਨਾਲ ਸਕੂਲ ਦਾ ਕੰਮ ਵੀ ਸੰਭਾਲਦਾ ਸੀ।
ਪੁੱਤਰ ਨੂੰਹ ਅਤੇ ਉਨ੍ਹਾਂ ਦੇ ਜੁੜਵੇਂ ਬੱਚੇ ਘਰ ਦੇ ਗਰਾਉਂਡ ਫਲੋਰ ਵਿਚ ਰਹਿੰਦੇ ਸਨ, ਜਦੋਂ ਕਿ ਭੂਪਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਘਰ ਦੀ ਦੂਜੀ ਮੰਜਿਲ ਉੱਤੇ ਰਹਿੰਦੇ ਸਨ। ਘਰ ਦੇ ਅੰਦਰ ਵੜਦੇ ਹੀ ਉੱਤੇ ਜਾਣ ਲਈ ਪੌੜੀਆਂ ਹਨ। ਮੰਗਲਵਾਰ ਦੀ ਦੇਰ ਰਾਤ ਨੂੰ ਅਣਪਛਾਤੇ ਹਤਿਆਰੇ ਘਰ ਦੇ ਅੰਦਰ ਦਾਖਲ ਹੋਏ ਅਤੇ ਉਪਰ ਚਲੇ ਗਏ। ਉੱਤੇ ਜਾਕੇ ਦੋਸ਼ੀਆਂ ਨੇ ਦੋਵਾਂ ਦੀ ਹੱਤਿਆ ਕਰ ਦਿੱਤੀ।
ਇਨ੍ਹਾਂ ਦੋਸ਼ੀਆਂ ਨੇ ਮਹਿਲਾ ਨੂੰ ਬੈਡਰੂਮ ਵਿੱਚ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਦੋਂ ਕਿ ਭੂਪਿੰਦਰ ਸਿੰਘ ਨੂੰ ਡਰਾਇੰਗ ਰੂਮ ਦੇ ਵਿੱਚ ਮਾਰਿਆ। ਹੈਰਾਨੀ ਦੀ ਗੱਲ ਇਹ ਹੈ ਕਿ ਦੋਸ਼ੀ ਘਰ ਵਿੱਚ ਵੜੇ ਅਤੇ ਉੱਤੇ ਤੱਕ ਪਹੁੰਚ ਗਏ। ਉਸ ਤੋਂ ਬਾਅਦ ਦੋਸ਼ੀਆਂ ਨੇ ਦੋਵਾਂ ਦੀ ਹੱਤਿਆ ਨੂੰ ਅੰਜਾਮ ਦਿੱਤਾ। ਮਗਰ ਕਿਸੇ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ। ਹਤਿਆਰੇ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋ ਗਏ ਅਤੇ ਜਾਂਦੇ ਹੋਏ ਡੀਵੀਆਰ ਵੀ ਆਪਣੇ ਨਾਲ ਲੈ ਗਏ।
ਹੁਣ ਪੁਲਿਸ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰ ਕੇ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ ਕਿ ਹਤਿਆਰੇ ਕਿਸ ਪਾਸੇ ਤੋਂ ਅੰਦਰ ਵੜੇ ਅਤੇ ਕਿਸ ਪਾਸੇ ਤੋਂ ਫਰਾਰ ਹੋਏ। ਘਰ ਦੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਤਾਂ ਦੋਸ਼ੀ ਨਾਲ ਲੈ ਗਏ ਹਨ। ਬਾਕੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭੂਪਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਦਾ ਕੁੱਝ ਲੋਕਾਂ ਦੇ ਨਾਲ ਪ੍ਰਾਪਰਟੀ ਨੂੰ ਲੈ ਕੇ ਵੀ ਝਗੜਾ ਚੱਲ ਰਿਹਾ ਸੀ। ਬਾਕੀ ਆਸਪਾਸ ਦੇ ਲੋਕ ਤਾਂ ਕਹਿੰਦੇ ਹਨ ਕਿ ਪੂਰਾ ਪਰਿਵਾਰ ਮਿਲਣਸਾਰ ਸੀ ਅਤੇ ਸੁਭਾਅ ਤੋਂ ਸਭ ਕਾਫ਼ੀ ਵਧੀਆ ਸਨ।
ਇਸ ਮਾਮਲੇ ਤੇ ਕੀ ਕਹਿੰਦੇ ਹਨ ਪੁਲਿਸ ਅਧਿਕਾਰੀ
ਇਸ ਸਬੰਧੀ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਕਈ ਅਹਿਮ ਸੁਰਾਗ ਮਿਲੇ ਹਨ। ਸਾਮਾਨ ਕਾਫ਼ੀ ਖਿਲਰਿਆ ਪਿਆ ਸੀ। ਇੱਕ ਲਾਸ਼ ਬੈਡਰੂਮ ਵਿੱਚ ਤੇ ਦੂਜੀ ਡਰਾਇੰਗ ਰੂਮ ਵਿੱਚ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਪੜਤਾਲ ਵਿੱਚ ਪਤਾ ਚਲਿਆ ਹੈ ਕਿ ਹਤਿਆਰਿਆਂ ਦੀ ਐਂਟਰੀ ਫਰੈਂਡਲੀ ਹੈ। ਬਾਕੀ ਪੁਲਿਸ ਦੀਆਂ ਕਈ ਟੀਮਾਂ ਜਾਂਚ ਕਰਨ ਵਿੱਚ ਲੱਗੀਆਂ ਹਨ ਛੇਤੀ ਹੀ ਦੋਸ਼ੀਆਂ ਦਾ ਪਤਾ ਲਗਾ ਲਿਆ ਜਾਵੇਗਾ।