ਪੰਜਾਬ ਵਿਚ ਜਿਲ੍ਹਾ ਪਟਿਆਲਾ ਦੇ ਨਾਭਾ ਵਿਖੇ ਨਸ਼ੇ ਦੀ ਹਾਲਤ ਵਿੱਚ ਇੱਕ ਦੋਸਤ ਨੇ ਆਪਣੇ ਨਸ਼ੇੜੀ ਦੋਸਤ ਦੀ ਪਹਿਲਾਂ ਤਾਂ ਹੱਤਿਆ ਕੀਤੀ ਫਿਰ ਉਸ ਦੇ ਮ੍ਰਿਤਕ ਸਰੀਰ ਨੂੰ ਘਰ ਦੀ ਛੱਤ ਉੱਤੇ ਪਏ ਤੰਦੂਰ ਵਿੱਚ ਜਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਲਾਸ਼ ਪੂਰੀ ਤਰ੍ਹਾਂ ਨਾਲ ਨਹੀਂ ਸੜੀ ਤਾਂ ਉਸ ਦੇ ਦੋ ਟੁਕੜੇ ਕਰ ਦਿੱਤੇ। ਇੱਕ ਟੁਕੜਾ ਘਰ ਦੇ ਨਾਲ ਵਾਲੇ ਆਪਣੇ ਚਾਚੇ ਦੇ ਘਰ ਸੁੱਟ ਦਿੱਤਾ ਅਤੇ ਉਸ ਨੂੰ ਜ਼ਮੀਨ ਵਿੱਚ ਦਬਾ ਦਿੱਤਾ ਅਤੇ ਅੱਧਾ ਹਿੱਸਾ ਉਸ ਨੇ ਘਰ ਦੇ ਕੋਲ ਸੂਏ ਦੀ ਕੱਚੀ ਜ਼ਮੀਨ ਵਿੱਚ ਦਬਾ ਦਿੱਤਾ।
ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਮ੍ਰਿਤਕ ਦੋ ਦਿਨ ਤੱਕ ਘਰ ਨਾ ਪਹੁੰਚਿਆ। ਇਸ ਤੇ ਮ੍ਰਿਤਕ ਦੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਮਾਂ ਨੇ ਪੁਲਿਸ ਨੂੰ ਦੱਸਿਆ ਕਿ ਦੋ ਦਿਨ ਪਹਿਲਾਂ ਆਰੋਪੀ ਦੋਸਤ ਉਸ ਨੂੰ ਆਪਣੇ ਨਾਲ ਲੈ ਕੇ ਗਿਆ ਸੀ। ਪੁਲਿਸ ਨੇ ਸ਼ੁੱਕਰਵਾਰ ਨੂੰ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਨੇ ਦੱਸਿਆ ਕਿ ਥਾਣਾ ਸਦਰ ਦੇ ਅਧੀਨ ਸਥਾਨਕ ਕਰਤਾਰ ਕਲੋਨੀ ਦੀ ਗਲੀ ਨੰਬਰ ਸੱਤ ਵਾਸੀ 19 ਸਾਲ ਦਾ ਦਲਜੀਤ ਸਿੰਘ ਅਤੇ 18 ਸਾਲ ਦਾ ਕੰਡਾ ਰਾਮ ਪੁੱਤਰ ਦਰਸ਼ਨ ਰਾਮ ਵਾਸੀ ਸਰੈਣਦਾਸ ਕਲੋਨੀ ਆਪਸ ਵਿੱਚ ਦੋਸਤ ਸਨ। ਦੋਵੇਂ ਨਸ਼ਾ ਕਰਨ ਦੇ ਆਦੀ ਸਨ ਅਤੇ ਦੋਵੇਂ ਨਸ਼ਾਮੁਕਤੀ ਕੇਂਦਰ ਵਿੱਚ ਇਲਾਜ ਕਰਵਾ ਕੇ ਆਏ ਸਨ। ਦੋ ਦਿਨ ਪਹਿਲਾਂ ਦੋਵੇਂ ਦਲਜੀਤ ਸਿੰਘ ਦੇ ਘਰ ਵਿੱਚ ਬੈਠੇ ਸਨ ਕਿ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੇ ਗੁੱਸੇ ਵਿੱਚ ਆਏ ਦਲਜੀਤ ਸਿੰਘ ਨੇ ਕੰਡਾ ਰਾਮ ਦੀ ਹੱਤਿਆ ਕਰ ਦਿੱਤੀ। ਹੱਤਿਆ ਕਰਨ ਤੋਂ ਬਾਅਦ ਉਸ ਨੇ ਆਪਣੇ ਘਰ ਦੀ ਛੱਤ ਉੱਤੇ ਰੱਖੇ ਤੰਦੂਰ ਵਿੱਚ ਲਾਸ਼ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਲਾਸ਼ ਨਹੀਂ ਸੜੀ ਤਾਂ ਉਸ ਨੇ ਲਾਸ਼ ਨੂੰ ਬਾਹਰ ਕੱਢਿਆ ਅਤੇ ਤੰਦੂਰ ਟੁੱਟ ਗਿਆ। ਇਸ ਤੋਂ ਬਾਅਦ ਉਸਨੇ ਕਹੀ ਨਾਲ ਲਾਸ਼ ਦੇ ਦੋ ਟੁਕੜੇ ਕੀਤੇ ਅਤੇ ਇੱਕ ਟੁਕੜਾ ਆਪਣੇ ਨਾਲ ਵਾਲੇ ਚਾਚੇ ਦੇ ਘਰ ਵਿੱਚ ਦੱਬ ਦਿੱਤਾ ਅਤੇ ਇੱਕ ਟੁਕੜਾ ਘਰ ਦੇ ਨਜਦੀਕ ਸੂਏ ਵਿੱਚ ਕੱਚੀ ਜ਼ਮੀਨ ਵਿੱਚ ਦੱਬ ਦਿੱਤਾ।
ਬਾਅਦ ਦੁਪਹਿਰ ਚਾਰ ਵਜੇ ਦੇ ਕਰੀਬ ਡਿਊਟੀ ਨਿਆਂ-ਅਧਿਕਾਰੀ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਦੇ ਸਾਹਮਣੇ ਡੀਐਸਪੀ ਰਾਜੇਸ਼ ਛਿੱਬਰ ਥਾਨਾ ਸਦਰ ਦੇ ਐਸਐਚਓ ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਨੇ ਦੋਸ਼ੀ ਤੋਂ ਹੀ ਖੋਦਾਈ ਕਰਵਾ ਕੇ ਲਾਸ਼ ਦੇ ਟੁਕੜੇ ਬਰਾਮਦ ਕਰਵਾਏ। ਪੁਲਿਸ ਨੇ ਦੋਸ਼ੀ ਦੀ ਨਿਸ਼ਾਨਦੇਹੀ ਉੱਤੇ ਇੱਕ ਟੁੱਟਿਆ ਹੋਇਆ ਤੰਦੂਰ ਬਾਲਟੀ ਅਤੇ ਕਹੀ ਬਰਾਮਦ ਕਰ ਲਈ ਹੈ। ਲਾਸ਼ ਦੇ ਟੁਕੜੇ ਬਰਾਮਦ ਕਰਕੇ ਪੋਸਟਮਾਰਟਮ ਲਈ ਭਿਜਵਾ ਦਿੱਤੇ ਗਏ ਹਨ।
ਵਾਰਦਾਤ ਸਮੇਂ ਘਰ ਵਿੱਚ ਇਕੱਲਾ ਸੀ ਦੋਸ਼ੀ
ਦੋਸ਼ੀ ਦਲਜੀਤ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਂ ਦੂਜੇ ਸ਼ਹਿਰ ਵਿੱਚ ਸਰਕਾਰੀ ਨੌਕਰੀ ਕਰਦੀ ਹੈ। ਵਾਰਦਾਤ ਦੇ ਸਮੇਂ ਦੋਸ਼ੀ ਦਲਜੀਤ ਸਿੰਘ ਆਪਣੇ ਘਰ ਵਿੱਚ ਇਕੱਲਾ ਸੀ। ਉੱਧਰ ਕੰਡਾ ਰਾਮ ਵੀ ਕੁੱਝ ਦਿਨ ਪਹਿਲਾਂ ਹੀ ਨਸ਼ਾਮੁਕਤੀ ਕੇਂਦਰ ਤੋਂ ਘਰ ਆਇਆ ਸੀ। ਉਸ ਦਾ ਇੱਕ ਭਰਾ ਅਤੇ ਤਿੰਨ ਭੈਣਾਂ ਹਨ ਜਦੋਂ ਕਿ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਹਨ ਅਤੇ ਬੀਮਾਰ ਰਹਿੰਦੇ ਹਨ।